ਉਪ-ਮੰਡਲ ਮੈਜਿਸਟਰੇਟ ਤੇ ਵਿਧਾਇਕ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
ਪੱਤਰ ਪ੍ਰੇਰਕ
ਜਗਰਾਉਂ, 17 ਅਪਰੈਲ
ਜਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਉਪ-ਮੰਡਲ ਮੈਜਿਸਟਰੇਟ ਕਰਨਦੀਪ ਸਿੰਘ ਨੇ ਕਣਕ ਖਰੀਦ ਪ੍ਰਬੰਧਾਂ ਨੂੰ ਲੈ ਕੇ ਇੱਕ ਖਾਸ ਮੀਟਿੰਗ ਦਾ ਪ੍ਰਬੰਧ ਕੀਤਾ,ਜਿਸ ਵਿੱਚ ਖਾਸ ਤੌਰ ਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਹਾਜ਼ਰ ਰਹੇ। ਮੀਟਿੰਗ ਵਿੱਚ ਹਾਜ਼ਰ ਆੜ੍ਹਤੀ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਕਨਹੀਆ ਗੁਪਤਾ ਉਰਫ ਬਾਂਕਾ ਨੇ ਪਿੰਡ ਦੇਹੜਕਾ ਦੀ ਮੰਡੀ ਵਿੱਚ ਬਿਜਲੀ ਦੇ ਮੁਕੰਮਲ ਪ੍ਰਬੰਧਾਂ ਬਾਰੇ ਗੱਲ ਕਰਦਿਆਂ ਟਰਾਂਸਫਾਰਮਰ ਲਗਾਉਣ ਦੀ ਅਪੀਲ ਕੀਤੀ, ਇਸ ਤੋਂ ਇਲਾਵਾ ਉਨ੍ਹਾਂ ਕੱਚਾ ਮਲਕ ਰੋਡ, ਪ੍ਰਦੇਸੀ ਢਾਬੇ ਨਾਲ ਵਾਲੀ ਰੋਡ ਅਤੇ ਅਖਾੜਾ ਪਿੰਡ ਵਾਲੀ ਸੜਕ ਦੇ ਹਾਲਾਤਾਂ ਬਾਰੇ ਪ੍ਰਸ਼ਾਸਨ ਦਾ ਧਿਆਨ ਖਿੱਚਿਆ।
ਮੀਟਿੰਗ ਵਿੱਚ ਹਾਜ਼ਰ ਆੜ੍ਹਤੀਆਂ ਨੇ ਕਣਕ ਅਤੇ ਝੋਨੇ ਦੇ ਸੀਜ਼ਨ ਵਿੱਚ ਮਾਲ ਨਾਲ ਭਰੀਆਂ ਬੋਰੀਆਂ ਦੀ ਵਰ੍ਹਿਆਂ ਤੋਂ ਹੋ ਰਹੀ ਚੋਰੀ ਦਾ ਮੁੱਦਾ ਉਠਾਇਆ।ਜੋ ਕਿ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਹਰ ਸੀਜਨ ਵਿੱਚ ਇਸ ਬਾਰੇ ਸਵਾਲ ਖੜ੍ਹੇ ਹੁੰਦੇ ਹਨ।ਪ੍ਰਧਾਨ ਬਾਂਕਾ ਨੇ ਦੱਸਿਆ ਕਿ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਮੰਡੀ ਤੋਂ ਲੈ ਕੇ ਸ਼ੇਰਪੁਰ ਚੌਂਕ ਤੱਕ ਟਰਾਲੀਆਂ ਅਤੇ ਟਰੱਕਾਂ ਦਾ ਪਿੱਛਾ ਕਰਦੇ ਹਨ। ਸਾਰੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕ ਸਰਬਜੀਤ ਕੌਰ ਮਾਣੁੰਕੇ ਨੇ ਮੀਟਿੰਗ ਵਿੱਚ ਹਾਜ਼ਰ ਸਕੱਤਰ ਮਾਰਕੀਟ ਕਮੇਟੀ ਜਸਪਾਲ ਸਿੰਘ, ਬੇਅੰਤ ਸਿੰਘ ਏ.ਐਫ.ਐਸ.ਓ, ਜਸਵਿੰਦਰ ਸਿੰਘ ਡੀ.ਐਫ.ਐਸ.ਓ, ਰਾਜੀਵ ਤਿਵਾੜੀ ਇੰਸਪੈਕਟਰ, ਪਰਮਿੰਦਰ ਸਿੰਘ ਢੋਲਣ ਜੇ.ਈ ਮੰਡੀਕਰਨ ਬੋਰਡ ਤੇ ਐਸ.ਐਚ.ਓ ਵਰਿੰਦਰਪਾਲ ਸਿੰਘ ਥਾਣਾ ਸ਼ਹਿਰੀ ਨੂੰ ਹਦਾਇਤਾਂ ਦਿੱਤੀਆਂ। ਉਨ੍ਹਾਂ ਸੜਕਾਂ ਬਾਰੇ ਉੱਠੇ ਸਵਾਲਾਂ ਨੂੰ ਵਿਰਾਮ ਲਗਾਉਣ ਲਈ ਲੋਕ ਨਿਰਮਾਣ ਵਿਬਾਗ ਦੇ ਕਾਰਜਕਾਰੀ ਇੰਜਨਿਅਰ ਨੂੰ ਜਲਦੀ ਸੜਕਾਂ ਬਣਾਉਣ ਦੇ ਹੁੱਕਮ ਦਿੱਤੇ।
ਪੁਲੀਸ ਵੱਲੋਂ ਸੀਜਨ ਦੌਰਾਨ ਤਿੰਨ ਪੀ.ਸੀ.ਆਰ ਦਸਤੇ ਤਾਇਨਾਤ ਕਰਨ ਦਾ ਵਾਅਦਾ ਕੀਤਾ।ਬਿਜਲੀ ਬੋਰਡ (ਪਾਵਰਕਾਮ ਵਿਭਾਗ) ਦੇ ਕਾਰਜਕਾਰੀ ਇੰਜੀਨੀਅਰ ਨੂੰ ਪਿੰਡ ਦੇਹੜਕੇ ਦੀ ਮੰਡੀ ਵਿੱਚ ਨਿਰੰਤਰ ਬਿਜਲੀ ਸਪਲਾਈ ਲਈ ਯੋਗ ਪ੍ਰਬੰਧ ਕਰਨ ਦੀਆਂ ਹਦਾਇਤਾਂ ਕੀਤੀਆਂ।ਇਸਤੋਂ ਇਲਾਵਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਸਥਾਨਕ ਮੰਡੀ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਤਾਇਨਾਤ ਕਰਨ ਬਾਰੇ ਆਖਿਆ।ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਖਰੀਦ ਪ੍ਰਬੰਧਾਂ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਕਰਨ ਤੋਂ ਗੁਰੇਜ਼ ਕਰਨ ਦੀ ਗੱਲ ਆਖੀ ਅਤੇ ਜਲਦੀ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਆਖਿਆ।ਮੀਟਿੰਗ ਵਿੱਚ ਪ੍ਰਧਾਨ ਮੁਨੀਸ਼ ਟਰੱਕ ਯੂਨੀਅਨ,ਨਵੀ ਸਿੰਗਲਾ ਉਪ-ਪ੍ਰਧਾਨ ਆੜ੍ਹਤੀ ਐਸੋਸੀਏਸ਼ਨ,ਆਰ.ਕੇ ਬੱਲ ਜਿਲ੍ਹਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਅਤੇ ਜਨਰਲ ਸਕੱਤਰ ਜਤਿੰਦਰ ਸਿੰਘ ਹਾਜ਼ਰ ਸਨ।