ਪਿੰਡ ਮਲਕ ’ਚ ਟਰੈਕਟਰ ਮਾਰਚ ਦੀ ਲਾਮਬੰਦੀ ਲਈ ਮੀਟਿੰਗ
ਸੰਯੁਕਤ ਕਿਸਾਨ ਮੋਰਚੇ ਵਲੋਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਐਲਾਨੇ ਟਰੈਕਟਰ ਮਾਰਚ ਦੀ ਤਿਆਰੀ ਲਈ ਅੱਜ ਪਿੰਡ ਮਲਕ ਵਿੱਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸਰਪੰਚ ਜਗਤਾਰ ਸਿੰਘ ਦੇ ਫਾਰਮ ’ਤੇ ਹੋਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਸੰਯੁਕਤ ਮੋਰਚੇ ਦੇ ਏਕੇ ਨਾਲ ਸੰਘਰਸ਼ ਦਾ ਜਿਹੜਾ ਪਿੜ ਬੱਝ ਗਿਆ ਹੈ ਉਹ ਭਗਵੰਤ ਮਾਨ ਸਰਕਾਰ ਨੂੰ ਨੀਤੀ ਵਾਪਸ ਲੈਣ ਲਈ ਮਜਬੂਰ ਕਰੇਗਾ। ਇਸ ਨੀਤੀ ਨੂੰ ਪੰਜਾਬ 'ਤੇ ਦਿੱਲੀ ਵਾਲਿਆਂ ਦਾ ਸਿੱਧਾ ਹਮਲਾ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਹ ਫ਼ੈਸਲਾ ਵਾਪਸ ਲੈਣ ਲਈ ਮਜਬੂਰ ਨਾ ਕੀਤਾ ਤਾਂ ਇਹ ਸਾਰੇ ਪੰਜਾਬ ਨੂੰ ਵੱਡੇ ਘਰਾਣਿਆਂ ਕੋਲ ਵੇਚ ਦੇਣਗੇ। ਇਨਕਲਾਬੀ ਕੇਂਦਰ ਦੇ ਸੂਬਾ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਤਹਿਤ ਪੰਜਾਬ ਸਰਕਾਰ ਹੱਸਦੇ ਵੱਸਦੇ ਪੰਜਾਬ ਨੂੰ ਉੜਾਜਨਾ ਚਾਹੁੰਦੀ ਹੈ ਜਿਸਨੂੰ ਕਿਸੇ ਕੀਮਤ 'ਤੇ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਸਮੁੱਚੇ ਪੰਜਾਬ ਵਾਸੀਆਂ ਦਾ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਦਿੱਲੀ ਵਾਲਿਆਂ ਦੇ ਇਸ਼ਾਰੇ 'ਤੇ ਸਿੱਧਾ ਪੰਜਾਬ ਵਾਸੀਆਂ ਨੂੰ ਚੈਲੰਜ ਕੀਤਾ ਹੈ ਜਿਸਦਾ ਜਵਾਬ ਸਭ ਨੂੰ ਇਕਜੁੱਟ ਹੋ ਕੇ ਦੇਣਾ ਚਾਹੀਦਾ ਹੈ। ਕਿਸਾਨ ਆਗੂ ਬੂਟਾ ਸਿੰਘ ਢਿੱਲੋਂ ਨੇ ਕਿਹਾ ਕਿ ਸਾਡੀ ਲੜਾਈ ਹਾਕਮਾਂ ਨਾਲ ਹੈ ਜਿਸ ਲਈ ਸਾਨੂੰ ਤਕੜੇ ਹੋ ਕੇ ਲੜਨਾ ਪੈਣਾ। ਇਕਬਾਲ ਸਿੰਘ ਰਾਏ ਮਲਕ ਨੇ ਮੰਚ ਸੰਚਾਲਨ ਕਰਦਿਆਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ 30 ਜੁਲਾਈ ਦੇ ਸਾਰੇ ਕੰਮਕਾਜ ਛੱਡ ਕੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ। ਮੀਟਿੰਗ ਨੂੰ ਬੀਕੇਯੂ (ਉਗਰਾਹਾਂ) ਦੇ ਬਲਾਕ ਪ੍ਰਧਾਨ ਰਾਮਸ਼ਰਨ ਸਿੰਘ, ਯੁਵਰਾਜ ਸਿੰਘ ਘੁਡਾਣੀ, ਹਰਚੰਦ ਸਿੰਘ ਢੋਲਣ, ਮਗਵੀਰ ਸਿੰਘ ਗਿੱਲ, ਬਚਿੱਤਰ ਸਿੰਘ, ਸਾਬਕਾ ਸਰਪੰਚ ਕਰਨੈਲ ਸਿੰਘ ਜਨੇਤਪੁਰਾ, ਸੁਖਵਿੰਦਰ ਸਿੰਘ ਕਮਾਲਪੁਰਾ, ਚਮਕੌਰ ਸਿੰਘ ਗਿੱਲ, ਗਗਨ ਪੋਨਾ ਸਮੇਤ ਕਈ ਬੁਲਾਰਿਆਂ ਨੇ ਸਬੋਧਨ ਕੀਤਾ।