ਉਸਾਰੀ ਕਾਮਿਆਂ ਦੀ ਜਥੇਬੰਦੀ ਦੇ ਸੂਬਾਈ ਸੰਮੇਲਨ ਬਾਰੇ ਮੀਟਿੰਗ
ਪੰਜਾਬ ਦੇ ਉਸਾਰੀ ਕਾਮਿਆਂ ਜਥੇਬੰਦੀ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦਾ ਸੂਬਾਈ ਸੰਮੇਲਨ 12 ਅਕਤੂਬਰ ਐਤਵਾਰ ਨੂੰ ਰਾਏਕੋਟ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਸੰਮੇਲਨ ਦੀ ਤਿਆਰੀ ਲਈ ਕਈ ਕਮੇਟੀਆਂ ਦਾ ਗਠਨ ਕੀਤਾ ਗਿਆ ਅਤੇ ਵੱਖ-ਵੱਖ ਟੀਮਾਂ ਪ੍ਰਚਾਰ ਪਸਾਰ ਦੇ ਕੰਮ ਵਿੱਚ ਜੁੱਟ ਗਈਆਂ ਹਨ। ਸੂਬਾਈ ਪ੍ਰਧਾਨ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਹੇਠ ਇੱਥੇ ਹੋਈ ਮੀਟਿੰਗ ਵਿੱਚ ਨਾਮਵਰ ਵਿਅੰਗਕਾਰ ਅਤੇ ਪੰਜਾਬੀ ਫ਼ਿਲਮ ਜਗਤ ਦੇ ਕਲਾਕਾਰ ਜਸਵਿੰਦਰ ਭੱਲਾ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਅਤੇ ਇੱਕ ਮਤੇ ਰਾਹੀਂ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਗਈ। ਸੀਟੂ ਦੇ ਜਨਰਲ ਸਕੱਤਰ ਕਾਮਰੇਡ ਚੰਦਰ ਸ਼ੇਖਰ ਨੇ ਮਜ਼ਦੂਰਾਂ ਦੀ ਘਟ ਰਹੀ ਆਮਦਨ ਉੱਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੇ ਲਈ ਬਣਾਈਆਂ ਗਈਆਂ ਸਕੀਮਾਂ ਨੂੰ ਖ਼ਤਮ ਕਰਕੇ ਮਜ਼ਦੂਰਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ।
ਮਜ਼ਦੂਰ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਗ਼ਰੀਬ ਪਰਿਵਾਰਾਂ ਦੇ 78 ਹਜ਼ਾਰ ਕਾਰਡ ਰੱਦ ਕਰ ਦਿੱਤੇ ਹਨ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੀ 37 ਲੱਖ ਲਾਭਪਾਤਰੀਆਂ ਦੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਗ਼ਰੀਬ ਮਜ਼ਦੂਰਾਂ ਦਾ ਰਾਸ਼ਨ ਵੀ ਖੋਹਿਆ ਜਾ ਰਿਹਾ ਹੈ। ਉਨ੍ਹਾਂ ਸੂਬਾ ਸਰਕਾਰ ਵੱਲੋਂ ਬਚਾਅ ਲਈ ਅਗਾਊਂ ਪ੍ਰਬੰਧ ਨਾ ਕੀਤੇ ਜਾਣ ਕਾਰਨ ਗ਼ਰੀਬ ਲੋਕ ਹੜ੍ਹਾਂ ਕਾਰਨ ਬਰਬਾਦ ਹੋ ਰਹੇ ਹਨ। ਮਜ਼ਦੂਰ ਆਗੂ ਨੈਬ ਸਿੰਘ ਰਾਜਪੁਰਾ, ਗੁਰਨਾਮ ਸਿੰਘ ਘਨੌਰ, ਹਰਨਾਮ ਸਿੰਘ ਡੱਲਾ, ਸੁਰਿੰਦਰ ਸਿੰਘ ਬਡਾਲਾ, ਸੋਹਣ ਸਿੰਘ ਫ਼ਰੀਦਪੁਰ ਜੱਟਾਂ, ਪ੍ਰਿਤਪਾਲ ਸਿੰਘ ਬਿੱਟਾ, ਗੁਰਦੀਪ ਸਿੰਘ, ਬਹਾਦਰ ਸਿੰਘ ਅਤੇ ਹਨੂਮਾਨ ਪ੍ਰਸਾਦ ਦੂਬੇ ਨੇ ਵੀ ਚਰਚਾ ਵਿੱਚ ਹਿੱਸਾ ਲਿਆ।