ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਨਅਤੀ ਸ਼ਹਿਰ ਦੀਆਂ ਸੜਕਾਂ ਅੱਪਗ੍ਰੇਡ ਕਰਨ ਬਾਰੇ ਮੀਟਿੰਗ

ਮੰਤਰੀ ਸੰਜੀਵ ਅਰੋੜਾ ਨੇ ਕੀਤੀ ਮੀਟਿੰਗ ਦੀ ਪ੍ਰਧਾਨਗੀ
ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੈਬਨਿਟ ਮੰਤਰੀ ਸੰਜੀਵ ਅਰੋੜਾ। -ਫੋਟੋ: ਹਿਮਾਂਸ਼ੂ
Advertisement
ਸੜਕਾਂ ’ਤੇ ਪਏ ਟੋਇਆਂ ਕਾਰਨ ਮਸ਼ਹੂਰ ਲੁਧਿਆਣਾ ਵਿੱਚ ਹੁਣ ਵਿਸ਼ਵ ਪੱਧਰੀ ਮਿਆਰ ਦੇ ਨਾਲ ਸੜਕਾਂ ਨੂੰ ਅੱਪਗ੍ਰੇਡ ਕਰਨ ਦੇ ਲਈ ਹਰੀ ਝੰਡੀ ਮਿਲ ਗਈ ਹੈ, ਜਲਦੀ ਹੀ ਸਨਅਤੀ ਸ਼ਹਿਰ ਦੀਆਂ ਸੜਕਾਂ ਅੱਪਗ੍ਰੇਡ ਹੋਣਗੀਆਂ। ਇਸ ਸਬੰਧੀ ਅੱਜ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਸ਼ਹਿਰੀ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਵਿਸ਼ਵ ਪੱਧਰੀ ਮਿਆਰਾਂ ’ਤੇ ਬਦਲਣ ’ਤੇ ਕੇਂਦਰਿਤ ਸ਼ਹਿਰ-ਪੱਧਰੀ ਕਮੇਟੀ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੀਟਿੰਗ ਸਰਾਭਾ ਨਗਰ ਵਿੱਚ ਨਗਰ ਨਿਗਮ ਦੇ ਜ਼ੋਨ ਡੀ ਦਫ਼ਤਰ ਵਿਖੇ ਹੋਈ। ਮੀਟਿੰਗ ਦੌਰਾਨ ਪ੍ਰਾਜੈਕਟ ਅਧੀਨ ਚੁਣੀਆਂ ਗਈਆਂ ਸ਼ਹਿਰ ਦੀਆਂ ਸੜਕਾਂ ਨੂੰ ਅੱਪਗ੍ਰੇਡ ਕਰਨ ਲਈ ਪ੍ਰਸਤਾਵਿਤ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਸਲਾਹਕਾਰ ਫਰਮਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਡਿਜ਼ਾਈਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਤਾਂ ਜੋ ਅਧਿਕਾਰੀ ਜ਼ਮੀਨੀ ਪੱਧਰ ’ਤੇ ਪ੍ਰਾਜੈਕਟਾਂ ਤਹਿਤ ਅੱਗੇ ਵਧ ਸਕਣ। ਪ੍ਰਸਤਾਵਿਤ ਡਿਜ਼ਾਈਨਾਂ ਬਾਰੇ ਪੇਸ਼ਕਾਰੀ ਪ੍ਰਾਜੈਕਟ ਲਈ ਨਿਯੁਕਤ ਕੀਤੀਆਂ ਗਈਆਂ ਸਲਾਹਕਾਰ ਫਰਮਾਂ-ਧਰੁਪਦ ਕੰਸਲਟੈਂਟ ਪ੍ਰਾਈਵੇਟ ਲਿਮਟਿਡ ਅਤੇ ਕਰੀਏਟਿਵ ਫੁੱਟਪ੍ਰਿੰਟਸ ਦੇ ਅਧਿਕਾਰੀਆਂ ਦੁਆਰਾ ਦਿੱਤੀ ਗਈ। ਸ਼ਹਿਰ ਵਿੱਚ ਦਾਖਲੇ ਦੇ ਸਥਾਨਾਂ ਦਾ ਸੁੰਦਰੀਕਰਨ ਅਤੇ ਹੋਰ ਸੁਧਾਰ ਵੀ ਪ੍ਰਾਜੈਕਟ ਦਾ ਹਿੱਸਾ ਹਨ। ਵਾਹਨ ਚਾਲਕਾਂ, ਸਾਈਕਲ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਸਣੇ ਹਰ ਵਰਗ ਦਾ ਧਿਆਨ ਰੱਖਿਆ ਜਾਵੇਗਾ ਅਤੇ ਸਬੰਧਤ ਖੇਤਰ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੜਕਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਵਾਹਨ ਚਾਲਕਾਂ/ਪੈਦਲ ਯਾਤਰੀਆਂ ਦੀ ਸੁਰੱਖਿਆ, ਪਾਰਕਿੰਗ, ਲੈਂਡਸਕੇਪਿੰਗ/ਹਰਿਆਲੀ ਆਦਿ ਪਹਿਲ ਦੇ ਖੇਤਰਾਂ ਵਿੱਚ ਸ਼ਾਮਲ ਹੋਣਗੇ। ਇਸ ਤਹਿਤ ਸ਼ਹਿਰ ਦੇ ਸ਼ੇਰਪੁਰ ਚੌਕ ਤੋਂ ਜਗਰਾਉਂ ਪੁਲ, ਜਗਰਾਉਂ ਪੁਲ ਤੋਂ ਪੁਰਾਣੀ ਸਬਜ਼ੀ ਮੰਡੀ ਚੌਕ, ਫੁਹਾਰਾ ਚੌਕ ਤੋਂ ਭਾਰਤ ਨਗਰ ਚੌਕ, ਫੁਹਾਰਾ ਚੌਕ ਤੋਂ ਆਰਤੀ ਸਿਨੇਮਾ ਚੌਕ, ਚੌੜਾ ਬਾਜ਼ਾਰ ਚੌਕ ਤੋਂ ਘਾਸ ਮੰਡੀ ਚੌਕ, ਡੀ.ਐਮ.ਸੀ ਹਸਪਤਾਲ ਦੇ ਬਾਹਰ ਸੜਕ, ਫੀਲਡ ਗੰਜ ਤੋਂ ਸਿਵਲ ਹਸਪਤਾਲ ਸੜਕ, ਗਿੱਲ ਚੌਕ ਤੋਂ ਗਿੱਲ ਪਿੰਡ ਨੂੰ ਜਾਣ ਵਾਲੀ ਸੜਕ, ਮਾਡਲ ਟਾਊਨ ਸੜਕ ਸਮੇਤ ਹੋਰ ਸੜਕਾਂ ਨੂੰ ਇਸ ਪ੍ਰੋਜੈਕਟ ਅਧੀਨ ਅੱਪਗ੍ਰੇਡ ਕੀਤਾ ਜਾਵੇਗਾ।

ਮੰਤਰੀ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਟਿਕਾਊ ਵਿਕਾਸ ਵੱਲ ਕੰਮ ਕਰ ਰਹੀ ਹੈ ਅਤੇ ਇਹ ਉਨ੍ਹਾਂ ਪ੍ਰਮੁੱਖ ਪ੍ਰੋਜੈਕਟਾਂ ਵਿੱਚੋਂ ਇੱਕ ਹੈ ਜੋ ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਨੂੰ ਸਥਾਪਤ ਕਰਨ ਲਈ ਕੀਤੇ ਜਾ ਰਹੇ ਹਨ। ਮੰਤਰੀ ਅਰੋੜਾ ਨੇ ਕਿਹਾ ਕਿ ਸਲਾਹਕਾਰ ਫਰਮਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਉਨ੍ਹਾਂ ਨੂੰ ਸੌਂਪੇ ਗਏ ਕੰਮਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੀਆਂ ਸੜਕਾਂ ’ਤੇ ਜਲਦੀ ਹੀ ਇੱਕ ਵੱਡਾ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲੇਗਾ।

Advertisement

ਮੀਟਿੰਗ ਵਿੱਚ ਪੰਜਾਬ ਵਿਕਾਸ ਕਮਿਸ਼ਨ ਤੋਂ ਜੈਸਮੀਨ ਸ਼ਾਹ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਪੁਲੀਸ ਕਮਿਸ਼ਨਰ ਸਵਪਨ ਸ਼ਰਮਾ, ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ, ਏ ਡੀ ਸੀ ਰਾਕੇਸ਼ ਕੁਮਾਰ, ਐੱਸ ਡੀ ਐੱਮ ਪੂਨਮਪ੍ਰੀਤ ਕੌਰ, ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ ਦੇ ਡਾਇਰੈਕਟਰ ਨਵਦੀਪ ਅਸੀਜਾ ਸਣੇ ਪੀ ਐੱਸ ਪੀ ਸੀ ਐੱਲ, ਪੀ ਡਬਲਿਊ ਡੀ ਆਦਿ ਦੇ ਹੋਰ ਅਧਿਕਾਰੀ ਮੌਜੂਦ ਸਨ।

 

 

Advertisement
Show comments