ਨਗਰ ਕੀਰਤਨ ਦੀ ਤਿਆਰੀ ਬਾਰੇ ਮੀਟਿੰਗ
ਗੁਰੂ ਤੇਗ਼ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਨਗਰ ਕੀਰਤਨ 20 ਨਵੰਬਰ ਨੂੰ ਲੁਧਿਆਣਾ ਪੁੱਜੇਗਾ। ਨਗਰ ਕੀਰਤਨ ਦੇ ਸਵਾਗਤ ਦੀਆਂ ਤਿਆਰੀਆਂ ਸਬੰਧੀ ਅੱਜ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਇਤਿਹਾਸਕ ਧਾਰਮਿਕ ਸਮਾਗਮ ਲਈ ਵਿਆਪਕ ਅਤੇ ਢੁੱਕਵੇਂ ਪ੍ਰਬੰਧ ਕਰੇਗਾ। ਪੂਰੇ ਰਸਤੇ ਦੌਰਾਨ ਪਾਲਕੀ ’ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਜਗਰਾਉਂ, ਲੁਧਿਆਣਾ ਸ਼ਹਿਰ ਅਤੇ ਖੰਨਾ ਵਿੱਚ ਨਗਰ ਕੀਰਤਨ ਦੇ ਪ੍ਰਵੇਸ਼ ਸਥਾਨਾਂ ’ਤੇ ਰਸਮੀ ਗਾਰਡ ਆਫ਼ ਆਨਰ ਵੀ ਦਿੱਤਾ ਜਾਵੇਗਾ। ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਤਾਲਮੇਲ ਲਈ ਪ੍ਰਸ਼ਾਸਨ ਨੇ 10 ਪੀ ਸੀ ਐੱਸ ਅਧਿਕਾਰੀਆਂ ਨੂੰ ਸੈਕਟਰ ਅਫਸਰ ਵਜੋਂ ਨਿਯੁਕਤ ਕੀਤਾ ਹੈ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਸਪੱਸ਼ਟ ਤੌਰ ’ਤੇ ਸਫਾਈ, ਕੂੜੇ ਦੇ ਡੰਪਾਂ ਅਤੇ ਲਟਕਦੀਆਂ ਤਾਰਾਂ ਨੂੰ ਹਟਾਉਣਾ, ਸੜਕਾਂ ਦੀ ਮੁਰੰਮਤ, ਟਰੈਫਿਕ ਪ੍ਰਬੰਧਨ, ਭੀੜ ਕੰਟਰੋਲ, ਐਂਬੂਲੈਂਸਾਂ ਵਾਲੀਆਂ ਮੈਡੀਕਲ ਟੀਮਾਂ, ਲੰਗਰ ਪ੍ਰਬੰਧ, ਫਾਇਰ ਟੈਂਡਰ, ਅਸਥਾਈ ਪਖਾਨੇ, ਨਗਰ ਨਿਗਮ ਸਟਾਫ ਦੀ ਤਾਇਨਾਤੀ, ਫੁੱਲਾਂ ਦੀ ਵਰਖਾ ਕਰਨੀ ਆਦਿ ਦੇ ਨਾਲ ਪੁਲੀਸ ਅਤੇ ਹੋਰ ਵਿਭਾਗਾਂ ਨਾਲ ਸਮੁੱਚਾ ਸੰਪਰਕ ਸ਼ਾਮਲ ਹੈ।ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਪੂਰੀ ਸੇਵਾ ਭਾਵਨਾਂ ਨਾਲ ਆਪਣੀ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਫਰੀਦਕੋਟ ਤੋਂ ਆਰੰਭ ਨਗਰ ਕੀਰਤਨ 20 ਨਵੰਬਰ ਨੂੰ ਗੁਰਦੁਆਰਾ ਦੁੂਖ ਨਿਵਾਰਨ ਸਾਹਿਬ ਵਿੱਚ ਵਿਸ਼ਰਾਮ ਕਰੇਗਾ ਅਤੇ ਫਿਰ ਅਗਲੇ ਪੜਾਅ ਲਈ ਰਵਾਨਾ ਹੋਵੇਗਾ।
