ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਦੀਆਂ ਪ੍ਰਬੰਧਕ ਜਥੇਬੰਦੀਆਂ ਦੀ ਮੀਟਿੰਗ
ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ (ਲੁਧਿਆਣਾ) ਵਿੱਚ ਅੱਜ ਇਸ ਯਾਦਗਾਰ ਦੀ ਦੇਖ ਭਾਲ ਕਰਨ ਨਾਲ ਸਬੰਧਤ ਜਥੇਬੰਦੀਆਂ ਦੀ ਮੀਟਿੰਗ ਦੌਰਾਨ, ਇਸ ਯਾਦਗਾਰ ਦੀ ਸਥਾਪਨਾ ਕਰਨ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਕਰਨਲ ਜੇ ਐਸ ਬਰਾੜ ਨੂੰ ਸ਼ਰਧਾਂਜਲੀ ਭੇਟ ਕਰਨ ਸਬੰਧੀ ਬਾਪੂ ਬਲਕੌਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਜਥੇਬੰਦੀਆਂ ਵਿੱਚ ਮਹਾਂ ਸਭਾ ਲੁਧਿਆਣਾ, ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰਸਟ , ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਨੁਮਾਇੰਦੇ ਜਸਵੰਤ ਜ਼ੀਰਖ, ਰਾਕੇਸ਼ ਆਜ਼ਾਦ, ਡਾ. ਵੀਕੇ ਵਸ਼ਿਸਟ, ਆਰ ਪੀ ਸਿੰਘ, ਸੁਰਜੀਤ ਸਿੰਘ, ਜਗਜੀਤ ਸਿੰਘ ਹਾਜ਼ਰ ਸਨ। ਇਸ ਮੌਕੇ ਤੈਅ ਕੀਤਾ ਗਿਆ ਕਿ ਇਨ੍ਹਾਂ ਸੰਸਥਾਵਾਂ ਦੀ ਸਥਾਪਤੀ ਕਰਨ ਅਤੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਦੀ ਉਸਾਰੀ ਲਈ ਅਹਿਮ ਭੂਮਿਕਾ ਨਿਭਾਉਣ ਵਾਲੀ ਸ਼ਖਸੀਅਤ ਕਰਨਲ ਜੇ ਐਸ ਬਰਾੜ ਜੋ ਪਿਛਲੇ ਸਾਲ ਸਦੀਵੀ ਵਿਛੋੜਾ ਦੇ ਗਏ ਸਨ, ਦਾ ਸ਼ਰਧਾਂਜਲੀ ਸਮਾਗਮ 26 ਅਕਤੂਬਰ ਨੂੰ ਮਨਾਇਆ ਜਾਵੇ । ਇਸ ਬਾਰੇ ਫੈਸਲਾ ਲਿਆ ਗਿਆ ਕਿ ਇਸ ਦਿਨ ‘ਰਾਜਾਸ਼ਾਹੀ ਖ਼ਿਲਾਫ਼ ਕਿਰਤੀ ਲੋਕਾਂ ਦਾ ਮਸੀਹਾ- ਬਾਬਾ ਬੰਦਾ ਸਿੰਘ ਬਹਾਦਰ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾਵੇ ਜੋ ਕਿ ਕਰਨਲ ਬਰਾੜ ਦੀ ਵਿਚਾਰਧਾਰਾ ਨੂੰ ਉਭਾਰਨ ਲਈ ਮਹੱਤਤਾ ਰੱਖਦਾ ਹੈ। ਇਹ ਸੈਮੀਨਾਰ 26 ਅਕਤੂਬਰ ਨੂੰ ਸਵੇਰੇ 10.30 ਵਜੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਦੀ ਯਾਦਗਾਰ ਵਿਖੇ ਸ਼ੁਰੂ ਹੋਵੇਗਾ। ਇਸ ਵਿੱਚ ਮੁੱਖ ਬੁਲਾਰੇ ਵਜੋਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਸ਼ਾਮਿਲ ਹੋਣਗੇ। ਇਸ ਇਤਿਹਾਸਿਕ ਸੈਮੀਨਾਰ ਦੌਰਾਨ ਮੌਕੇ ਮੌਜੂਦਾ ਦੌਰ ਵਿੱਚ ਲੋਕਾਂ ਵੱਲੋਂ ਬੰਦਾ ਬਹਾਦਰ ਦੀ ਅਗਵਾਈ ਵਿੱਚ, ਲੜਕੇ ਪ੍ਰਾਪਤ ਕੀਤੇ ਮਨੁੱਖੀ ਹੱਕਾਂ ਨੂੰ ਖਤਮ ਕਰਨ ਲਈ, ਹਕੂਮਤੀ ਫੁਰਮਾਨਾਂ ਰਾਹੀਂ ਜੋ ਵਿਵਸਥਾ ਸਥਾਪਤ ਕਰਨ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ, ਉਹਨਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ। ਆਗੂਆਂ ਨੇ ਹਰ ਲੋਕ ਹਿਤੈਸ਼ੀ ਇਲਾਕਾ ਨਿਵਾਸੀ ਨੂੰ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।