ਭ੍ਰਿਸ਼ਟਾਚਾਰ ਵਿਰੋਧੀ ਫਰੰਟ ਮਾਛੀਵਾੜਾ ਸਾਹਿਬ ਦੀ ਮੀਟਿੰਗ
ਭ੍ਰਿਸ਼ਟਾਚਾਰ ਵਿਰੋਧੀ ਫਰੰਟ ਮਾਛੀਵਾੜਾ ਸਾਹਿਬ ਦੀ ਮਹੀਨਾਵਾਰ ਮੀਟਿੰਗ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ-ਵੱਖ ਮਤੇ ਪਾਏ ਗਏ। ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਪ੍ਰੈੱਸ ਸਕੱਤਰ ਸੁਭਾਸ਼ ਚੰਦਰ ਨਾਗਪਾਲ ਨੇ ਦੱਸਿਆ ਕਿ ਸ਼ਹਿਰ ਵਿਚ ਦੁਕਾਨਾਂ ਨੂੰ ਸਾਮਾਨ (ਮਾਲ) ਸਪਲਾਈ ਕਰਨ ਵਾਲੀਆਂ ਗੱਡੀਆਂ ਸਾਰਾ ਦਿਨ ਆਉਂਦੀਆਂ ਰਹਿੰਦੀਆਂ ਹਨ ਜਿਸ ਕਾਰਨ ਆਵਾਜਾਈ ਦੀ ਸਮੱਸਿਆ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਡੀਆਂ ਦੇ ਆਉਣ ਜਾਣ ਦਾ ਸਮਾਂ ਨਿਸ਼ਚਿਤ ਕਰਨ ਲਈ ਨਗਰ ਕੌਂਸਲ ਤੋਂ ਮੰਗ ਕੀਤੀ ਅਤੇ ਇਸ ਸਬੰਧੀ ਢੁੱਕਵੇਂ ਥਾਵਾਂ ’ਤੇ ਬੋਰਡ ਵੀ ਲਗਾਏ ਜਾਣ। ਦੂਸਰੇ ਮਤੇ ਵਿਚ ਪਾਲੀਥੀਨ ਦੇ ਲਿਫ਼ਾਫੇ ਅਤੇ ਡਿਸਪੋਜ਼ਲ ਬਰਤਨਾਂ ਦੀ ਵਰਤੋਂ ਕਾਰਨ ਸ਼ਹਿਰ ਵਿਚ ਫੈਲ ਰਹੀ ਗੰਦਗੀ ਲਈ ਨਗਰ ਕੌਂਸਲ ਇਨ੍ਹਾਂ ਦੀ ਵਿਕਰੀ ’ਤੇ ਸਖ਼ਤੀ ਨਾਲ ਪਾਬੰਦੀ ਲਗਾਏ। ਇਸ ਤੋਂ ਇਲਾਵਾ ਤੀਸਰੇ ਮਤੇ ਵਿਚ ਜੋ ਨੌਜਵਾਨ ਮੋਟਰਸਾਈਕਲਾਂ ’ਤੇ ਪਟਾਕੇ ਵਜਾਉਂਦੇ ਫਿਰਦੇ ਰਹਿੰਦੇ ਹਨ ਜਿਸ ਕਾਰਨ ਦੁਰਘਟਨਾਵਾਂ ਹੋਣ ਦਾ ਖ਼ਤਰਾ ਬਣਿਆ ਹੈ, ਇਸ ਸਬੰਧੀ ਪੁਲਸ ਪ੍ਰਸ਼ਾਸਨ ਤੋਂ ਸਖ਼ਤੀ ਨਾਲ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਬਖ਼ਸ਼ੀ ਰਾਮ, ਜਗਮੋਹਣ ਸਿੰਘ, ਹਰਮਿੰਦਰ ਸਿੰਘ, ਮੋਹਨਜੀਤ, ਜਗੀਰ ਸਿੰਘ ਲੌਂਗੀਆ, ਪ੍ਰਵੀਨ ਮੱਕੜ, ਪ੍ਰੇਮ ਚੰਦ, ਮੰਗਤ ਰਾਏ ਵੀ ਮੌਜੂਦ ਸਨ।