ਨਗਰ ਸੁਧਾਰ ਟਰੱਸਟ ਤੇ ਨਿਗਮ ਅਧਿਕਾਰੀਆਂ ਦੀ ਮੀਟਿੰਗ
ਟਰੱਸਟ ਦੀਆਂ ਸਕੀਮਾਂ ਦਾ ਮਾਮਲਾ; ਸਰਵੇਖਣ ਤੇ ਵਿਕਾਸ ਕਾਰਜਾਂ ਮਗਰੋਂ ਸਾਰਾ ਕੰਮ ਨਿਗਮ ਹਵਾਲੇ ਕਰਨ ਦਾ ਫ਼ੈਸਲਾ
Advertisement
ਅੱਜ ਇਥੇ ਨਗਰ ਸੁਧਾਰ ਟਰੱਸਟ ਤੇ ਨਿਗਮ ਅਧਿਕਾਰੀਆਂ ਦੀ ਮੀਟਿੰਗ ਹੋਈ। ਇਸ ਮੌਕੇ ਛੇ ਕਲੋਨੀਆਂ (ਸਕੀਮਾਂ) ਦੇ ਵਿਕਾਸ ਕਾਰਜਾਂ ਦਾ ਸਰਵੇਖਣ ਕਰਨ ਅਤੇ ਜ਼ਮੀਨੀ ਪੱਧਰ ’ਤੇ ਸਾਰਾ ਕੰਮ ਨਗਰ ਨਿਗਮ ਦੇ ਹਵਾਲੇ ਕਰਨ ਦਾ ਫ਼ੈਸਲਾ ਕੀਤਾ ਗਿਆ। ਦੱਸਣਯੋਗ ਹੈ ਕਿ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਸਨਅਤੀ ਸ਼ਹਿਰ ਵਿੱਚ ਨਗਰ ਸੁਧਾਰ ਟਰੱਸਟ ਦੀਆਂ 6 ਸਕੀਮਾਂ (ਕਲੋਨੀਆਂ) ਨਗਰ ਨਿਗਮ ਨੂੰ ਸੌਂਪੀਆਂ ਗਈਆਂ ਸਨ ਪਰ ਇਹ ਐਲਾਨ ਹਾਲੇ ਤੱਕ ਕਾਗਜ਼ਾਂ ਤੱਕ ਹੀ ਸੀਮਤ ਹੈ। ਅੱਜ ਦੀ ਮੀਟਿੰਗ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਨਗਰ ਨਿਗਮ ਦੇ ਐੱਸ ਈ ਸ਼ਾਮ ਲਾਲ ਗੁਪਤਾ ਤੇ ਨਗਰ ਸੁਧਾਰ ਟਰੱਸਟ ਦੇ ਈ ਓ ਰਵਿੰਦਰ ਕੁਮਾਰ, ਐੱਸ ਈ ਸਤਭੂਸ਼ਣ ਸਚਦੇਵਾ, ਐਕਸੀਅਨ ਵਿਕਰਮ ਭਾਰਦਵਾਜ ਤੇ ਨਰਿੰਦਰ ਸਿੰਗਲਾ ਮੌਜੂਦ ਸਨ। ਜ਼ਿਮਨੀ ਚੋਣ ਵੇਲੇ ਮੌਜੂਦਾ ਵਿਧਾਇਕ ਸੰਜੀਵ ਅਰੋੜਾ ਨੇ ਐਲਾਨ ਕਰ ਕੇ ਨਗਰ ਸੁਧਾਰ ਟਰੱਸਟ ਦੀਆਂ 6 ਸਕੀਮਾ ਨੂੰ ਨਗਰ ਨਿਗਮ ਨੂੰ ਸੌਂਪ ਦਿੱਤਾ ਸੀ, ਜਿਸ ਵਿੱਚ ਸ਼ਹੀਦ ਭਗਤ ਸਿੰਘ ਨਗਰ, ਮਹਾਰਿਸ਼ੀ ਵਾਲਮੀਕਿ ਨਗਰ, ਰਾਜਗੁਰੂ ਨਗਰ, ਭਾਰਤ ਨਗਰ ਐਕਸਟੈਨਸ਼ਨ, ਸੰਤ ਈਸ਼ਰ ਸਿੰਘ ਨਗਰ ਤੇ ਸੁਖਦੇਵ ਨਗਰ ਇਲਾਕੇ ਸ਼ਾਮਲ ਹਨ। ਇਨ੍ਹਾਂ ਵਿੱਚ ਮੌਜੂਦਾ ਸਮੇਂ ਲੱਖਾਂ ਦੀ ਗਿਣਤੀ ਵਿੱਚ ਆਬਾਦੀ ਰਹਿੰਦੀ ਹੈ, ਇਨ੍ਹਾਂ ਸਾਰੀਆਂ ਹੀ ਥਾਵਾਂ ’ਤੇ ਨਗਰ ਸੁਧਾਰ ਟਰੱਸਟ ਵੱਲੋਂ ਵਿਕਾਸ ਕਾਰਜਾਂ ਤੋਂ ਲੈ ਕੇ ਸਾਰੇ ਕੰਮ ਕਰਵਾਏ ਜਾਂਦੇ ਸਨ। ਅੱਜ ਦੀ ਮੀਟਿੰਗ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਨੇ ਇਨ੍ਹਾਂ ਸਾਰੀਆਂ ਸਕੀਮਾਂ ਵਿੱਚ ਵਿਕਾਸ ਕਾਰਜਾਂ ਤੇ ਹੋਰਨਾਂ ਕੰਮਾਂ ਦਾ ਸਰਵੇਖਣ ਕਰਵਾ ਕੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਕੋਲੋਂ 57 ਕਰੋੜ ਰੁਪਏ ਮੰਗੇ ਹਨ ਕਿਉਂਕਿ ਟਰੱਸਟ ਕੋਲੋਂ ਜਦੋਂ ਵੀ ਨਗਰ ਨਿਗਮ ਨੇ ਕਲੋਨੀਆਂ ਦਾ ਚਾਰਜ ਲੈਣਾ ਹੈ ਤਾਂ ਉੱਥੇ ਚੰਗੀਆਂ ਸੜਕਾਂ, ਪਾਰਕ, ਸਟਰੀਟ ਲਾਈਟਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਮੀਟਿੰਗ ਦੌਰਾਨ ਟਰੱਸਟ ਦੇ ਅਧਿਕਾਰੀਆਂ ਨੇ ਸਾਫ਼ ਤੌਰ ’ਤੇ ਕਿਹਾ ਕਿ ਟਰੱਸਟ ਕੋਲ ਮੌਜੂਦਾ ਸਮੇਂ ਫੰਡਾਂ ਦੀ ਕਾਫ਼ੀ ਘਾਟ ਹੈ। ਨਗਰ ਸੁਧਾਰ ਟਰੱਸਟ ਨੇ ਪਿਛਲੇ ਸਮੇਂ ਦੌਰਾਨ 13 ਕਰੋੜ ਰੁਪਏ ਦੀਆਂ ਸੜਕਾਂ ਬਣਾਉਣ ਦੇ ਟੈਂਡਰ ਵੀ ਲਗਾਏ ਹਨ। ਪਾਰਕਾਂ ਦੀ ਸਾਂਭ-ਸੰਭਾਲ ਵੀ ਟਰੱਸਟ ਹੀ ਕਰ ਰਿਹਾ ਹੈ। ਇਸ ਕਰ ਕੇ ਟਰੱਸਟ ਦੇ ਅਧਿਕਾਰੀਆਂ ਨੇ ਨਿਗਮ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਆਪਣੀਆਂ ਸਕੀਮਾਂ ਵਿੱਚ ਸਾਰੇ ਵਿਕਾਸ ਕਾਰਜ ਕਰਵਾ ਕੇ ਨਗਰ ਨਿਗਮ ਹਵਾਲੇ ਕਰ ਦੇਣਗੇ।
Advertisement
Advertisement
