ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੀਟਿੰਗ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਚੱਕ ਕਲਾਂ, ਫਾਗਲਾ ਅਤੇ ਬੱਗਾ ਕਲਾਂ ਵਿੱਚ ਮੀਟਿੰਗਾਂ ਹੋਈਆਂ ਜਿਸ ਵਿੱਚ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਅਧੀਨ ਕਿਸਾਨਾਂ ਦੀ ਜ਼ਮੀਨ ਐਕੁਆਇਰ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ।
ਮੀਟਿੰਗਾਂ ਦੌਰਾਨ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕਲਾਹੜ, ਜ਼ਿਲ੍ਹਾ ਕਮੇਟੀ ਮੈਂਬਰ ਯੁਵਰਾਜ ਸਿੰਘ ਘੁਡਾਣੀ ਕਲਾਂ ਅਤੇ ਬਲਾਕ ਪ੍ਰਧਾਨ ਜਸਵੰਤ ਸਿੰਘ ਭੱਟੀਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਇੱਕ ਹੋਰ ਵੱਡਾ ਕਦਮ ਵਧਾ ਰਹੀ ਹੈ ਜਿਸ ਵਿੱਚ ਸਾਰੇ ਪੰਜਾਬ ਦੇ 27 ਸ਼ਹਿਰਾਂ ਦੀ ਜ਼ਮੀਨ ਅਰਬਨ ਅਸਟੇਟ ਦੇ ਨਾਮ ਤੇ ਐਕੁਆਇਰ ਕੀਤੀ ਜਾ ਰਹੀ ਹੈ। ਇਸ ਵਿੱਚ ਇਕੱਲੇ ਲੁਧਿਆਣੇ ਜ਼ਿਲ੍ਹੇ ਚ 24 ਹਜ਼ਾਰ 311 ਏਕੜ ਜ਼ਮੀਨ ਰੱਖੀ ਗਈ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਇਹ ਜ਼ਮੀਨਾਂ ਵਿਕਾਸ ਦੇ ਨਾਮ ਤੇ ਲੈ ਰਹੀ ਹੈ ਪਰ ਇਹ ਜ਼ਮੀਨਾਂ ਕਿਸਾਨਾਂ ਤੋਂ ਖੋਹ ਕੇ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਨੂੰ ਦਿੱਤੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਾਰਪੋਰੇਟਾਂ ਨੂੰ ਸਾਰੇ ਮਾਲ ਖਜ਼ਾਨੇ ਲੁਟਾਉਣ ਲਈ ਉਨ੍ਹਾਂ ਦੀਆਂ ਨੀਤੀਆਂ ਟੇਡੇ ਢੰਗ ਨਾਲ ਲਾਗੂ ਕਰਨ ਰਹੀਆਂ ਹਨ। ਪਹਿਲਾਂ ਤਿੰਨ ਖੇਤੀ ਕਾਨੂੰਨਾਂ ਦੇ ਨਾਮ ’ਤੇ ਕਿਸਾਨਾਂ ਨੂੰ ਖੇਤੀ ’ਚੋਂ ਬਾਹਰ ਕਰਨ ਦਾ ਰਾਹ ਤਿਆਰ ਕੀਤਾ ਗਿਆ ਸੀ ਪਰ ਕਿਸਾਨ ਨੇ ਸੰਘਰਸ਼ ਦੇ ਜ਼ੋਰ ਨਾਲ ਇਹ ਰਾਹ ਬੰਦ ਕਰ ਦਿੱਤਾ। ਫਿਰ ਭਾਰਤ ਮਾਲਾਂ ਦੇ ਨਾਮ ’ਤੇ ਕਾਰਪੋਰੇਟ ਲਈ ਵੱਡੇ ਵੱਡੇ ਰੋਡ ਬਣਾ ਦਿੱਤੇ ਹਨ ਅਤੇ ਹੁਣ ਲੈਂਡ ਪੂਲਿੰਗ ਨੀਤੀ ਦੇ ਨਾਮ ’ਤੇ ਨਵੇਂ ਢੰਗ ਰਾਹੀਂ ਕਿਸਾਨਾਂ ਨੂੰ ਜ਼ਮੀਨਾਂ ’ਚ ਬਾਹਰ ਕਰਨ ਦਾ ਰਾਹ ਤਿਆਰ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਨੀਤੀ ਦੇ ਨਾਂ ’ਤੇ ਠੱਗਿਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਬਾਹਰ ਕਰਕੇ 1200 ਗਜ਼ ਦਾ ਪਲਾਟ ਦੇ ਰਹੇ ਹਨ ਅਤੇ ਬਾਅਦ ਵਿੱਚ ਵਿਕਾਸ ਦੇ ਹੋਰ ਟੈਕਸ ਕਿਸਾਨਾਂ ਤੇ ਲੱਗਣੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਸਰਕਾਰ ਵੱਲੋਂ ਲੋਕਾਂ ਨੂੰ ਉਜਾੜਨ ਦਾ ਰਾਹ ਹੈ।
ਆਗੂਆਂ ਨੇ ਕਿਹਾ ਇਹ ਲੜਾਈ ਸਾਰੇ ਪੰਜਾਬ ਦੇ ਕਿਸਾਨਾਂ ਦੀ ਲੜਾਈ ਹੈ। ਇਸ ਵਿੱਚ ਸਿਆਸੀ ਪਾਰਟੀਆਂ ਵੀ ਆਪਣੀ ਰੋਟੀਆਂ ਸੇਕ ਰਹੀਆਂ ਹਨ ਪਰ ਇਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਦਾ ਕਿਰਦਾਰ ਇੱਕੋ ਹੀ ਹੈ। ਲੋਕਾਂ ਨੂੰ ਇਨ੍ਹਾਂ ਸਿਆਸੀ ਪਾਰਟੀਆਂ ਤੋਂ ਭਲੇ ਦੀ ਆਸ ਛੱਡ ਕੇ ਲੋਕ ਸੰਘਰਸ਼ ਤੇ ਟੇਕ ਰੱਖਣ ਦੀ ਲੋੜ ਹੈ।