ਮੇਅਰ ਵੱਲੋਂ ‘ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ’ ਮੁਹਿੰਮ ਦੀ ਸ਼ੁਰੂਆਤ
ਕੂੜਾ ਪ੍ਰਬੰਧਨ ਦੇ ਉਦੇਸ਼ ਨਾਲ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਮੰਗਲਵਾਰ ਨੂੰ ਬੀ ਸੀ ਐੱਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਤੋਂ ਕੂੜਾ ਪ੍ਰਬੰਧਨ ਜਾਗਰੂਕਤਾ ਮੁਹਿੰਮ ‘ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ’ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਕੌਂਸਲਰ ਮਹਿਕ ਗੁਰਕਰਨ ਅਤੇ ਕੌਂਸਲਰ ਕਪਿਲ ਸੋਨੂੰ ਵੀ ਮੌਜੂਦ ਸਨ। ਇਸ ਦੌਰਾਨ ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਹੋਰ ਸਕੂਲਾਂ ਵਿੱਚ ਜਾਗਰੂਕਤਾ ਮੁਹਿੰਮਾਂ ਤੇ ਗਤੀਵਿਧੀਆਂ ਚਲਾਈਆਂ ਜਾਣਗੀਆਂ ਕਿਉਂਕਿ ਉਨ੍ਹਾਂ ਦਾ ਉਦੇਸ਼ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਹੈ।
ਊਰਜਾ, ਵਾਤਾਵਰਨ ਅਤੇ ਪਾਣੀ (ਸੀ ਈ ਈ ਡਬਲਿਯੂ) ਦੀ ਟੀਮ ਵੱਲੋਂ ਕੂੜੇ ਨੂੰ ਰੀਡਿਊਸ, ਰੀਯੂਜ਼ ਅਤੇ ਰੀਸਾਈਕਲ (ਆਰ ਆਰ ਆਰ) ਕਰਨ ਲਈ ਲਾਈਵ ਪ੍ਰਦਰਸ਼ਨ ਵੀ ਕੀਤੇ ਗਏ। ਬੀ ਸੀ ਐੱਮ ਆਰੀਆ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਪਲਾਸਟਿਕ ਦੀ ਵਰਤੋਂ ਰੋਕਣ ਲਈ ਨੁੱਕੜ ਨਾਟਕ ਖੇਡਿਆ, ਜੋ ਸਮਾਜ ਅਤੇ ਮਨੁੱਖੀ ਸਿਹਤ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰ ਰਿਹਾ ਹੈ। ਜਾਗਰੂਕਤਾ ਮੁਹਿੰਮ ਦੌਰਾਨ, ਕਈ ਵਿਦਿਆਰਥੀਆਂ ਨੂੰ ‘ਸਵੱਛਤਾ ਚੈਂਪੀਅਨ’ ਵਜੋਂ ਸਨਮਾਨਿਆ ਗਿਆ ਤਾਂ ਜੋ ਉਹ ਕੂੜਾ ਪ੍ਰਬੰਧਨ ਬਾਰੇ ਵੱਡੇ ਪੱਧਰ ’ਤੇ ਪ੍ਰਚਾਰ ਕਰ ਸਕਣ। ਕੂੜੇ ਦੀ ਸਮੱਗਰੀ ਦੀ ਮੁੜ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਦਰਸ਼ਨੀ ਵੀ ਲਗਾਈ ਗਈ। ਅਧਿਕਾਰੀਆਂ ਨੇ ਕਿਹਾ ਕਿ ਮੇਅਰ ਇੰਦਰਜੀਤ ਕੌਰ ਦੀ ਅਗਵਾਈ ਹੇਠ ਕੰਮ ਕਰਦੇ ਹੋਏ, ਇਹ ਪਹਿਲ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਸ਼ੁਰੂ ਕੀਤੀ ਗਈ ਹੈ।
‘ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ’ ਪਹਿਲ ਦੇ ਥੀਮ ਬਾਰੇ ਬੋਲਦਿਆਂ ਮੇਅਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਆਪਣੀ ਜ਼ਿੰਮੇਵਾਰੀ ਲੈਣ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਅੱਗੇ ਵਧਣ। ਇਸ ਦੌਰਾਨ ਸਕੂਲ ਪ੍ਰਧਾਨ ਰਾਕੇਸ਼ ਜੈਨ, ਉਪ ਪ੍ਰਧਾਨ ਵਿਨੋਦ ਸਹਿਗਲ, ਸਕੱਤਰ ਕੈਪਟਨ ਵੀ ਕੇ ਸਿਆਲ, ਖ਼ਜ਼ਾਨਚੀ ਸੁਧੀਰ ਸਿਆਲ, ਆਰਿਆ ਸਮਾਜ ਗਰੁੱਪ ਆਫ ਸਕੂਲਜ਼ ਦੇ ਡਾਇਰੈਕਟਰ ਡਾ. ਪਰਮਜੀਤ ਕੌਰ, ਪ੍ਰਿੰਸੀਪਲ ਡਾ. ਅਨੁਜਾ ਕੌਸ਼ਲ, ਵਾਤਾਵਰਨ ਮੈਨੇਜਰ ਵਿਪ੍ਰਾ ਕਾਲੇ ਅਤੇ ਐੱਚ ਆਰ ਮੈਨੇਜਰ ਰਾਜੂ ਕੌਸ਼ਲ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ ਅਤੇ ਨੌਜਵਾਨਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਪਹਿਲਕਦਮੀ ਲਈ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਸ਼ਲਾਘਾ ਕੀਤੀ।