ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸਰਕਾਰ ’ਤੇ ਅਪਮਾਨ ਕਰਨ ਦਾ ਦੋਸ਼
ਲੁਧਿਆਣਾ ਵਿੱਚ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਏ ਤੇ ਸ਼ਹੀਦ ਪਰਿਵਾਰਾਂ ਦੇ ਲਈ ਰੱਖੇ ਗਏ ਸਰਕਾਰੀ ਸਨਮਾਨ ਸਮਾਗਮ ਦੌਰਾਨ ਹੰਗਾਮਾ ਹੋ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਆਜ਼ਾਦੀ ਘੁਲਾਟੀਏ ਨੇ ਸਰਕਾਰ ਦਾ ਵਿਰੋਧ ਕੀਤਾ। ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਰਿਵਾਰਾਂ ਨੂੰ ਸਮਝਾਇਆ ਤੇ ਮੁਆਫ਼ੀ ਵੀ ਮੰਗੀ। ਅਮਨ ਅਰੋੜਾ ਨੇ ਮੰਨਿਆ ਕਿ ਪ੍ਰਸ਼ਾਸਨ ਵੱਲੋਂ ਸਹੀ ਪ੍ਰਬੰਧ ਨਹੀਂ ਕੀਤੇ ਗਏ ਹਨ। ਆਜ਼ਾਦੀ ਘੁਲਾਟੀਏ ਦੇ ਮੈਂਬਰ ਚੇਤਨਦੀਪ ਸਿੰਘ ਤੇ ਮਨਦੀਪ ਸਿੰਘ ਨੇ ਦੱਸਿਆ ਕਿ 14 ਅਗਸਤ ਨੂੰ ਡੀਸੀ ਹਿਮਾਂਸ਼ੂ ਜੈਨ ਨਾਲ ਮੀਟਿੰਗ ਕੀਤੀ ਸੀ। ਸਮਾਗਮ ਵਿੱਚ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨਾ ਸੀ। ਇਸ ਦੌਰਾਨ ਜਦੋਂ ਆਜ਼ਾਦੀ ਦਿਹਾੜੇ ਦੇ ਸਮਾਗਮ ’ਤੇ ਸ਼ਹੀਦ ਪਰਿਵਾਰਾਂ ਦੇ ਮੈਂਬਰ ਪੁੱਜੇ ਤਾਂ ਉਨ੍ਹਾਂ ਦੇ ਬੈਠਣ ਲਈ ਕੁਰਸੀਆਂ ਤੱਕ ਨਹੀਂ ਸਨ। ਸਵੇਰੇ 8 ਵਜੇ ਤੋਂ ਬੈਠੇ ਪਰਿਵਾਰਾਂ ਲਈ ਖਾਣ ਪੀਣ ਤੱਕ ਦਾ ਇੰਤਜ਼ਾਮ ਨਹੀਂ ਸੀ। ਇੱਕ ਛੋਟੀ ਬੋਤਲ ਪਾਣੀ ਦੇਣ ਤੋਂ ਬਾਅਦ ਦੁਬਾਰਾ ਪਾਣੀ ਤੱਕ ਨਹੀਂ ਦਿੱਤਾ ਗਿਆ। ਇਹ ਹੀ ਨਹੀਂ ਸਗੋਂ ਪਰਿਵਾਰਾਂ ਲਈ ਤੋਹਫੇ ਤੇ ਸਨਮਾਨ ਚਿੰਨ੍ਹ ਵੀ ਘੱਟ ਗਏ। ਇਸ ਕਾਰਨ ਜਿਨ੍ਹਾਂ ਨੂੰ ਵੀ ਸਨਮਾਨ ਮਿਲਿਆ ਉਹ ਵੀ ਵਾਪਸ ਸੁੱਟ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅੰਦਰ ਜਾਣ ਲਈ ਪ੍ਰੇਸ਼ਾਨ ਕੀਤਾ ਗਿਆ। ਚੇਤਨਦੀਪ ਸਿੰਘ ਮਨਦੀਪ ਸਿੰਘ ਨੇ ਪੰਜਾਬ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਪਰਿਵਾਰ ਦੀ ਇੱਕ ਮੰਗ ਪੂਰੀ ਨਹੀਂ ਕੀਤੀ ਹੈ। ਪ੍ਰਸ਼ਾਸਨ ਕੋਲ ਪੂਰੀ ਲਿਸਟ ਹੋਣ ਦੇ ਬਾਵਜੂਦ ਸਾਰਿਆਂ ਵਾਸਤੇ ਕੋਈ ਪ੍ਰਬੰਧ ਨਹੀਂ ਕੀਤੇ ਗਏ।