ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ
ਇਥੇ ਨਜ਼ਦੀਕੀ ਅਨਾਜ ਮੰਡੀ ਸਵੱਦੀ ਕਲਾਂ ਵਿੱਚ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਦੇ ਚੇਅਰਮੈਨ ਹਰਨੇਕ ਸਿੰਘ ਛਪਾਰ ਨੇ ਅੱਜ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਝੋਨੇ ਦੀ ਖਰੀਦ ਸਣੇ ਹੋਰ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ। ਚੇਅਰਮੈਨ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਸੂਬੇ ਦਾ ਹਰ ਵਰਗ ਸੰਤੁਸ਼ਟ ਦਿਖਾਈ ਦੇ ਰਿਹਾ ਹੈ, ਜੇ ਤਕਲੀਫ ਹੈ ਤਾਂ ਸਿਰਫ਼ ਵਿਰੋਧੀਆਂ ਨੂੰ ਜਿਨ੍ਹਾਂ ਤੋਂ ਆਮ ਘਰਾਂ ਦੇ ਵਿਅਕਤੀਆਂ ਨੇ ਸੱਤਾ ਖੋਹ ਲਈ ਹੈ। ਉਨ੍ਹਾਂ ਦੱਸਿਆ ਕਿ ਉਹ ਮਾਰਕੀਟ ਕਮੇਟੀ ਅਧੀਨ ਕਈ ਮੰਡੀਆਂ ਦਾ ਦੌਰਾ ਕਰ ਚੁੱਕੇ ਹਨ ਅਤੇ ਝੋਨੇ ਦੀ ਖਰੀਦ ਸਹੀ ਤਰੀਕੇ ਨਾਲ ਚੱਲ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖਰੀਦ ਕੀਤੇ ਜਾ ਚੁੱਕੇ ਝੋਨੇ ਦੀ ਅਦਾਇਗੀ ਵੀ ਨਾਲੋਂ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਸੈਕਟਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਵਾਰ ਇਸ ਦਾਣਾ ਮੰਡੀ ਸਵੱਦੀ ਕਲਾਂ ਵਿੱਚ ਖਰੀਦ ਪਨਗ੍ਰੇਨ, ਪਨਸਪ ਅਤੇ ਐੱਫ ਸੀ ਆਈ ਦੀ ਹੈ ਅਤੇ ਖਰੀਦ ਦਾ ਕੰਮ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ। ਇਸ ਮੌਕੇ ਆੜ੍ਹਤੀ ਜਸਪਾਲ ਸਿੰਘ ਲਵਲੀ, ਸੁਰਿੰਦਰ ਭਾਰਦਵਾਜ, ਸਰਬਜੀਤ ਸਿੰਘ, ਸਰਪੰਚ ਜਗਦੀਪ ਸਿੰਘ ਸਵੱਦੀ, ਧਰਮਿੰਦਰ ਕੁਮਾਰ, ਕੁਲਵਿੰਦਰ ਸਿੰਘ ਕਿੰਦਾ, ਜਗਜੀਤ ਸਿੰਘ, ਇੰਸਪੈਕਟਰ ਯਾਦਵਿੰਦਰ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।
