ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ’ਚ ਮਾਰੀਆਂ ਮੱਲਾਂ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐੱਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿੱਚ ਕਰਵਾਏ ਚਾਰ ਰੋਜ਼ਾ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਵਿੱਚ ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਵਿਦਿਆਰਥੀਆਂ ਨੇ ਵੱਖ-ਵੱਖ 59 ਵੰਨਗੀਆਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ 19 ਇਨਾਮ ਹਾਸਲ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਡਾ. ਨਿਧੀ ਸਰੂਪ ਅਤੇ ਪ੍ਰੋ. ਰਾਮਪਾਲ ਬੰਗਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ 5, ਦੂਜੇ ਦਰਜੇ ਵਿਚ 10 ਅਤੇ ਤੀਜੇ ਦਰਜੇ ਦੇ 5 ਇਨਾਮ ਹਾਸਲ ਕਰਕੇ ਕਾਲਜ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ। ਇਸੇ ਤਰ੍ਹਾਂ ਯੁਵਕ ਮੇਲੇ ਦੌਰਾਨ ਵਨ ਗਰੁੱਪ ਭਜਨ, ਫੋਕ ਆਰਕੈਸਟਰਾ ਅਤੇ ਲੋਕ ਸਾਜ਼ ਵਿੱਚ ਵਿਦਿਆਰਥੀਆਂ ਨੇ ਪਹਿਲਾ, ਇੰਨੂ ਬਣਾਉਣ, ਪੀੜ੍ਹੀ ਬਣਾਉਣ, ਡੀਬੇਟ, ਸੁੰਦਰ ਲਿਖਾਈ (ਪੰਜਾਬੀ), ਕਵੀਸ਼ਰੀ, ਕਲੀ ਗਾਇਨ, ਵਾਰ ਗਾਇਨ, ਕਲਾਸੀਕਲ ਸੰਗੀਤ, ਗਰੁੱਪ ਸਾਂਗ ਵਿੱਚ ਦੂਜਾ, ਕੋਲਾਜ ਮੇਕਿੰਗ, ਫੋਟੋਗ੍ਰਾਫੀ, ਭੰਗੜਾ, ਗੀਤ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਗਰੁੱਪ ਭਜਨ ਵਿਚ ਵਿਅਕਤੀਗਤ ਪਹਿਲਾ, ਨਾਟਕ ਵਿੱਚ ਦੂਜਾ, ਫੋਕ ਆਰਕੈਸਟਰਾ ਵਿੱਚ ਤੀਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਰੁਪਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਕਾਲਜ ਪੁੱਜਣ ’ਤੇ ਸਨਮਾਨਿਤ ਕਰਦਿਆਂ ਭਵਿੱਖ ਵਿੱਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ।
