ਕਮਲ ਚੌਕ ਤੇ ਪੁਰਾਣੀ ਦਾਣਾ ਮੰਡੀ ਸਣੇ ਕਈ ਥਾਈਂ ਪਾਣੀ ਭਰਿਆ
ਸਵਖਤੇ ਚੱਲੀਆਂ ਤੇਜ਼ ਹਵਾਵਾਂ ਤੇ ਉਸ ਮਗਰੋਂ ਆਈ ਜ਼ੋਰਦਾਰ ਬਾਰਸ਼ ਨੇ ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੇ ਝੋਨੇ ਦਾ ਨੁਕਸਾਨ ਕੀਤਾ। ਦੂਜੇ ਪਾਸੇ ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਵਿੱਚ ਝੋਨੇ ਦੀ ਆਦਮ ਬਹੁਤ ਘੱਟ ਹੋਣ ਕਰਕੇ ਬਚਾਅ ਰਿਹਾ। ਓਧਰ ਕੁਝ ਦੇਰ ਲਈ ਹੋਈ ਭਾਰੀ ਬਾਰਸ਼ ਨੇ ਹੀ ਕਮਲ ਚੌਕ, ਪੁਰਾਣੀ ਦਾਣਾ ਮੰਡੀ ਸਮੇਤ ਹੋਰ ਇਲਾਕਿਆਂ ਵਿੱਚ ਪਾਣੀ ਭਰ ਦਿੱਤਾ। ਮੀਂਹ ਤੋਂ ਬਾਅਦ ਮੰਡੀਆਂ ਅਤੇ ਇਲਾਕੇ ਦਾ ਦੌਰਾ ਕਰਨ ’ਤੇ ਦੇਖਣ ਨੂੰ ਮਿਲਿਆ ਕਿ ਖੇਤਾਂ ਵਿੱਚ ਖੜ੍ਹਾ ਝੋਨਾ ਬਹੁਤ ਥਾਵਾਂ ’ਤੇ ਤੇਜ਼ ਹਵਾਵਾਂ ਤੇ ਮੀਂਹ ਕਰਕੇ ਵਿਛ ਗਿਆ ਸੀ। ਸਥਾਨਕ ਮੰਡੀ ਵਿੱਚ ਝੋਨਾ ਬਹੁਤ ਘੱਟ ਆਇਆ ਹੋਣ ਕਰਕੇ ਇਸ ਨੂੰ ਮੰਡੀ ਵਿਚਲੇ ਵੱਡੇ ਸ਼ੈੱਡਾਂ ਹੇਠ ਰੱਖਿਆ ਹੋਇਆ ਸੀ। ਜਿਹੜਾ ਝੋਨਾ ਬੋਲੀ ਲੱਗਣ ਮਗਰੋਂ ਬੋਰੀਆਂ ਵਿੱਚ ਭਰਿਆ ਹੋਇਆ ਸੀ ਉਹ ਵੀ ਢਕ ਲਿਆ ਗਿਆ ਸੀ। ਵੈਸੇ ਕੁਝ ਝੋਨੇ ਦੀਆਂ ਢੇਰੀਆਂ ਮੰਡੀਆਂ ਦੇ ਫੜ੍ਹ ’ਤੇ ਪਈਆਂ ਨਜ਼ਰ ਆਈਆਂ ਜਿਨ੍ਹਾਂ ਨੂੰ ਨਿਰਪਾਲਾਂ ਨਾਲ ਢਕਿਆ ਹੋਇਆ ਸੀ। ਇਕ-ਦੋ ਢੇਰੀਆਂ ’ਤੇ ਪਸ਼ੂ ਝੋਨੇ ਨੂੰ ਮੂੰਹ ਮਾਰਦੇ ਵੀ ਨਜ਼ਰ ਆਏ। ਮੰਡੀ ਵਿੱਚ ਚਾਰ ਦਿਨ ਤੋਂ ਬੈਠੇ ਕਿਸਾਨ ਗੁਰਦੇਵ ਸਿੰਘ ਵੜੈਚ ਨੇ ਦੱਸਿਆ ਕਿ ਉਸ ਦਾ ਪੰਜ ਟਾਰਲੀਆਂ ਝੋਨਾ ਮੰਡੀ ਵਿੱਚ ਪਿਆ ਹੈ। ਉਹ ਚਾਰ ਦਿਨ ਤੋਂ ਮੰਡੀ ਬੈਠਾ ਬੋਲੀ ਦੀ ਉਡੀਕ ਕਰ ਰਿਹਾ ਹੈ ਪਰ ਕੋਈ ਸਰਕਾਰੀ ਖਰੀਦ ਏਜੰਸੀ ਨਹੀਂ ਆਈ, ਨਾ ਹੀ ਕਿਸੇ ਵਪਾਰੀ ਨੇ ਭਾਅ ਲਾਇਆ ਹੈ। ਕਿਸਾਨ ਨੇ ਦੱਸਿਆ ਕਿ ਆੜ੍ਹਤੀ ਨੇ ਝੋਨੇ ਵਿੱਚ ਨਮੀ ਦੀ ਮਾਤਰਾ ਵਧੇਰੇ ਹੋਣ ਕਰਕੇ ਬੋਲੀ ਨਾ ਲੱਗਣ ਦੀ ਗੱਲ ਕਹੀ ਹੈ। ਕਿਸਾਨਾਂ ਮੁਤਾਬਕ ਮੀਂਹ ਤੇ ਠੰਢੇ ਮੌਸਮ ਕਰਕੇ ਨਮੀ ਨਿਰਧਾਰਤ ਮਾਤਰਾ ਤੋਂ ਥੋੜ੍ਹੀ ਹੀ ਉੱਪਰ ਆ ਰਹੀ ਹੈ। ਸਰਕਾਰ ਨੇ 17 ਫ਼ੀਸਦ ਤਕ ਨਮੀ ਵਾਲਾ ਝੋਨਾ ਖਰੀਦਣ ਲਈ ਕਿਹਾ ਹੈ ਅਤੇ ਇਸ ਸਮੇਂ ਉਨ੍ਹਾਂ ਦੇ ਝੋਨੇ ਦੀ ਨਮੀ ਦੀ ਮਾਤਰਾ ਵੀਹ ਫ਼ੀਸਦ ਤੋਂ ਹੇਠਾਂ ਹੈ। ਇਨ੍ਹਾਂ ਕਿਸਾਨਾਂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਚਕਰ ਨੇ ਨਮੀ ਦੀ ਮਾਤਰਾ ਵਧਾ ਕੇ 20 ਫ਼ੀਸਦ ਕਰਨ ਦੀ ਮੰਗ ਕੀਤੀ ਹੈ। ਮੀਂਹ ਤੋਂ ਬਾਅਦ ਸਥਾਨਕ ਕਮਲ ਚੌਕ, ਪੁਰਾਣੀ ਦਾਣਾ ਮੰਡੀ, ਪੁਰਾਣੀ ਸਬਜ਼ੀ ਮੰਡੀ, ਕੌਮੀ ਸ਼ਾਹਰਾਹ ਦੇ ਪੁਲ ਦੇ ਪਾਸਿਆਂ ’ਤੇ ਪਾਣੀ ਭਰਿਆ ਨਜ਼ਰ ਆਇਆ। ਇਨ੍ਹਾਂ ਥਾਵਾਂ ’ਤੇ ਪਾਣੀ ਭਰ ਜਾਣ ਕਰਕੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਕਮਲ ਚੌਕ ਨੇੜਲੇ ਬਾਜ਼ਾਰਾਂ ਵਾਲੇ ਰਮਨ ਕੁਮਾਰ, ਤੇਜਿੰਦਰ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਕਈ ਦਹਾਕੇ ਬਾਅਦ ਵੀ ਇਸ ਸਮੱਸਿਆ ਦਾ ਕੋਈ ਵੀ ਸਰਕਾਰ ਹੱਲ ਨਹੀਂ ਕਰ ਸਕੀ ਜਿਸ ਕਰਕੇ ਹੁਣ ਤਾਂ ਉਨ੍ਹਾਂ ਦੀ ਉਮੀਦ ਹੀ ਖ਼ਤਮ ਹੋ ਗਈ ਹੈ।