ਉੱਤਰੀ ਹਲਕੇ ਦੇ ਕਈ ਲੋਕ ਹੋਏ ਭਾਜਪਾ ਵਿੱਚ ਸ਼ਾਮਲ
ਭਾਰਤੀ ਜਨਤਾ ਪਾਰਟੀ ਨੂੰ ਅੱਜ ਉਸ ਵੇਲੇ ਹੁੰਗਾਰਾ ਮਿਲਿਆ ਜਦੋਂ ਉੱਤਰੀ ਵਿਧਾਨ ਸਭਾ ਹਲਕੇ ਦੇ ਸਮਾਜ ਸੇਵੀਆਂ ਦੀ ਅਗਵਾਈ ਹੇਠ ਸੈਂਕੜੇ ਲੋਕ ਭਾਜਪਾ ਵਿੱਚ ਸ਼ਾਮਲ ਹੋਏ।
ਦੁੱਗਰੀ ਸਥਿਤ ਭਾਜਪਾ ਦਫ਼ਤਰ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਸਮਾਜ ਸੇਵਕਾਂ ਅਨਿਲ ਕੁਮਾਰ, ਰਣਜੀਤ ਸਿੰਘ ਸੈਣੀ ਅਤੇ ਅਮਨ ਕੁਮਾਰ ਦੀ ਅਗਵਾਈ ਹੇਠ ਸੈਂਕੜੇ ਵਰਕਰ ਭਾਜਪਾ ਵਿੱਚ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਇਨ੍ਹਾਂ ਨੂੰ ਸਨਮਾਨਿਤ ਕਰਕੇ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਰਜਨੀਸ਼ ਧੀਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਅਤੇ ਖ਼ਾਸ ਕਰਕੇ ਪੰਜਾਬ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਵੇਖਦਿਆਂ ਸਹੀ ਸੋਚ ਵਾਲੇ ਲੋਕ ਅਤੇ ਖ਼ਾਸ ਕਰਕੇ ਦੂਜੀਆਂ ਪਾਰਟੀਆਂ ਦੇ ਵਰਕਰ ਭਾਜਪਾ ਨੂੰ ਸਮਰਥਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਰਕਰਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਭਾਜਪਾ ਦੇ ਹੱਥਾਂ ਵਿੱਚ ਸੁਰੱਖਿਅਤ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵੱਲ ਖ਼ਾਸ ਧਿਆਨ ਦੇ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਨਗੇ ਅਤੇ ਪਾਰਟੀ ਵੱਲੋਂ ਮਿਲਣ ਵਾਲੀ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਨਰਿੰਦਰ ਸਿੰਘ ਮੱਲ੍ਹੀ, ਮਹੇਸ਼ ਸ਼ਰਮਾ ਅਤੇ ਸੁਰਿੰਦਰ ਕੌਸ਼ਲ ਵੀ ਹਾਜ਼ਰ ਸਨ।