ਬੋਣੇਪਣ ਦੀ ਲਪੇਟ ’ਚ ਆਈ ਕਈ ਏਕੜ ਝੋਨੇ ਦੀ ਫਸਲ
ਹੜ੍ਹਾਂ ਦੀ ਮਾਰ ਮਗਰੋਂ ਹੁਣ ਮਾਛੀਵਾੜਾ ਬੇਟ ਖੇਤਰ ਵਿੱਚ ਝੋਨੇ ਦੀ ਫਸਲ ਬੌਣੇਪਣ ਬਿਮਾਰੀ ਦੀ ਲਪੇਟ ਵਿਚ ਆ ਗਈ ਹੈ ਜਿਸ ਕਾਰਨ ਕਈ ਪਿੰਡਾਂ ਦੀ ਸੈਂਕੜੇ ਏਕੜ ਫਸਲ ਪ੍ਰਭਾਵਿਤ ਹੋਈ ਹੈ। ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਦੇ ਪ੍ਰਧਾਨ ਨਿੱਕਾ ਸਿੰਘ ਖੇੜਾ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਝੋਨੇ ਦਾ ਬੀਜ ਪੀ.ਬੀ. 131 ਅਤੇ 128 ਦੀ ਕਾਸ਼ਤ ਕੀਤੀ ਸੀ ਉਹ ਬੌਣੇਪਣ ਬਿਮਾਰੀ ਦੀ ਲਪੇਟ ਵਿਚ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਝੋਨੇ ਦਾ ਪੌਦਾ ਵਧਦ ਫੁੱਲਣ ਦੀ ਬਜਾਏ ਬੌਣਾ ਰਹਿ ਗਿਆ ਹੈ ਅਤੇ ਇਸ ਦਾ ਸਿੱਟਾ ਵੀ ਛੋਟਾ-ਛੋਟਾ ਨਿਕਲ ਰਿਹਾ ਹੈ। ਮਾਛੀਵਾੜਾ ਬੇਟ ਖੇਤਰ ਦੇ ਪਿੰਡ ਬੁੱਲੇਵਾਲ ਦੇ ਕਿਸਾਨ ਮਨਪ੍ਰੀਤ ਮੰਨਾ ਦੀ 2 ਏਕੜ, ਦਵਿੰਦਰ ਸਿੰਘ ਦੀ 2 ਏਕੜ, ਲੱਖੋਵਾਲ ਦੀ ਸਰਬਜੀਤ ਕੌਰ ਦੀ 3 ਏਕੜ, ਮਾਛੀਵਾੜਾ ਦੇ ਰਾਜ ਸਿੰਘ ਦੀ 4 ਏਕੜ, ਹਰਵਿੰਦਰ ਸਿੰਘ ਦੀ 8 ਏਕੜ, ਸੁਖਦੇਵ ਸਿੰਘ ਦੀ 2 ਏਕੜ, ਲੁਬਾਣਗੜ੍ਹ ਦੇ ਬਲਵਿੰਦਰ ਸਿੰਘ ਦੀ 2 ਏਕੜ, ਪਿੰਡ ਸ਼ੇਰਗੜ੍ਹ ਦੇ ਰਛਪਾਲ ਸਿੰਘ ਦੀ 5 ਏਕੜ, ਗੁਰਮੇਲ ਸਿੰਘ ਦੀ 6 ਏਕੜ, ਸੁਖਵਿੰਦਰ ਸਿੰਘ 3 ਏਕੜ, ਸੱਜਣ ਸਿੰਘ ਦੀ 6 ਏਕੜ, ਉਧੋਵਾਲ ਕਲਾਂ ਦੇ ਹਰਜੀਤ ਸਿੰਘ ਦੀ 5 ਏਕੜ, ਮਨਜੀਤ ਸਿੰਘ ਦੀ 5 ਏਕੜ, ਜੱਸੋਵਾਲ ਦੇ ਅੰਮ੍ਰਿਤਪਾਲ ਸਿੰਘ ਗਰਚਾ ਦੀ 3 ਏਕੜ, ਜਰਨੈਲ ਸਿੰਘ ਦੀ 3 ਏਕੜ, ਟਾਂਡਾ ਕੁਸ਼ਲ ਸਿੰਘ ਦੇ ਸੋਹਣ ਸਿੰਘ ਦੀ 11 ਏਕੜ, ਦਿਆਲ ਸਿੰਘ ਦੀ 11 ਏਕੜ ਜ਼ਮੀਨ, ਪਿੰਡ ਈਸਾਪੁਰ ਦੇ ਪਰਮਜੀਤ ਸਿੰਘ 7 ਏਕੜ ਜ਼ਮੀਨ ਇਸ ਬਿਮਾਰੀ ਦੀ ਲਪੇਟ ਵਿੱਚ ਆਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਸ਼ੇਸ਼ ਗਿਰਦਾਵਰੀ ਕਰਵਾਏ ਤਾਂ ਜੋ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮਿਲ ਸਕੇ।
ਇਸ ਮੌਕੇ ਦੌਰਾ ਕਰਨ ਵਾਲੀ ਟੀਮ ’ਚ ਸਕੱਤਰ ਪ੍ਰਕਾਸ਼ ਸਿੰਘ ਉਧੋਵਾਲ, ਖਜਾਨਚੀ ਹਰਦੇਵ ਸਿੰਘ ਬਾਗ, ਸ਼ਾਮ ਸਿੰਘ ਰੂੜੇਵਾਲ, ਵਰਿੰਦਰ ਸਿੰਘ, ਬਖਸ਼ੀਸ ਸਿੰਘ ਲੱਖੋਵਾਲ, ਜਸਵਿੰਦਰ ਸਿੰਘ ਉਧੋਵਾਲ, ਸੁਖਵਿੰਦਰ ਸਿੰਘ ਬੁੱਲੇਵਾਲ, ਬਲਕਾਰ ਸਿੰਘ ਜੁਲਫ਼ਗੜ੍ਹ, ਅਸ਼ੋਕ ਖੇੜਾ, ਬਲਜੀਤ ਸਿੰਘ, ਸਰਪੰਚ ਰਜਿੰਦਰ ਸਿੰਘ ਖੇੜਾ ਵੀ ਮੌਜੂਦ ਸਨ।
ਬੁੱਲੇਵਾਲ ਦੇ ਕਿਸਾਨ ਨੇ ਪ੍ਰਭਾਵਿਤ ਫ਼ਸਲ ਵਾਹੀ
ਨੇੜਲੇ ਪਿੰਡ ਬੁੱਲੇਵਾਲ ਦੇ ਕਿਸਾਨ ਹਰਜੀਤ ਸਿੰਘ ਦੀ ਫਸਲ ਬਿਮਾਰੀ ਦੀ ਲਪੇਟ ਵਿਚ ਆ ਗਈ ਹੈ। ਉਸਨੇ ਆਪਣੀ ਫਸਲ ਨੂੰ ਬਿਮਾਰੀ ਤੋਂ ਬਚਾਉਣ ਲਈ ਕਾਫ਼ੀ ਯਤਨ ਕੀਤੇ, ਕੀਟਨਾਸ਼ਕ ਦਵਾਈਆਂ ਦਾ ਸਪਰੇਅ ਵੀ ਕੀਤਾ ਪਰ ਜਦੋਂ ਕੋਈ ਅਸਰ ਨਾ ਹੋਇਆ ਤਾਂ ਅਖੀਰ ਉਸ ਨੇ ਕੁਝ ਹੀ ਦਿਨਾਂ ਵਿਚ ਜਿਹੜੀ ਫਸਲ ਪੱਕ ਕੇ ਤਿਆਰ ਹੋਣੀ ਸੀ ਉਹ ਬੜੇ ਭਰੇ ਮਨ ਨਾਲ 3 ਏਕੜ ਫਸਲ ਵਾਹ ਦਿੱਤੀ। ਉਸ ਨੂੰ ਲਗਪਗ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।