ਮਾਣੂੰਕੇ ਵੱਲੋਂ ਪੰਚਾਇਤ ਘਰਾਂ ਤੇ ਹੈਲਥ ਸੈਂਟਰਾਂ ਦੇ ਨੀਂਹ ਪੱਥਰ
ਹਲਕੇ ਅੰਦਰ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖ ਕੇ ਨਵੇਂ ਕੰਮਾਂ ਦੀ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਸ਼ੁਰੂਆਤ ਕਰਵਾਈ। ਇਸ ਤਹਿਤ ਪਿੰਡ ਰਸੂਲਪੁਰ ਮੱਲ੍ਹਾ ਅਤੇ ਲੱਖਾ ਵਿਖੇ 25-25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੰਚਾਇਤ ਘਰਾਂ ਦਾ ਨੀਂਹ ਪੱਥਰ ਸ਼ਾਮਲ ਹੈ। ਇਸ ਤੋਂ ਇਲਾਵਾ ਪਿੰਡ ਡਾਂਗੀਆਂ, ਮੱਲ੍ਹਾ, ਚਕਰ ਅਤੇ ਕਮਾਲਪੁਰਾ ਵਿਖੇ 35-35 ਲੱਖ ਦੀ ਲਾਗਤ ਨਾਲ ਬਣਨ ਵਾਲੇ ਹੈਲਥ ਵੈਲਨੈੱਸ ਸੈਂਟਰਾਂ ਦੇ ਨੀਂਹ ਪੱਥਰ ਰੱਖੇ ਗਏ। ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਸਿਹਤ ਕੇਂਦਰਾਂ ਵਿੱਚ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਪਿੰਡਾਂ ਵਿੱਚ ਨਵੇਂ ਬਣਨ ਵਾਲੇ ਪੰਚਾਇਤ ਘਰਾਂ ਵਿੱਚ ਲੋਕਾਂ ਦੇ ਬੈਠਣ ਲਈ 30×20 ਦਾ ਸ਼ਾਨਦਾਰ ਹਾਲ ਬਣਾਇਆ ਜਾਵੇਗਾ। ਇਸ ਵਿੱਚ ਹੀ ਪਿੰਡ ਦੇ ਸਰਪੰਚ ਦੇ ਬੈਠਣ ਲਈ ਦਫ਼ਤਰ ਦਾ ਕਮਰਾ, ਸੇਵਾ ਕੇਂਦਰ ਅਤੇ ਬਾਥਰੂਮ ਆਦਿ ਬਣਾਏ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਅੰਦਰ ਜੰਗੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਅਬੋਹਰ ਬਰਾਂਚ ਦੀ ਅਖਾੜਾ ਨਹਿਰ ਉੱਪਰ ਨਵੇਂ ਚੌੜੇ ਪੁਲ ਦਾ ਕੰਮ ਲਗਭਗ ਮੁਕੰਮਲ ਹੋਣ ਨੇੜੇ ਹੈ। ਇਸੇ ਤਰ੍ਹਾਂ ਮਲਕ ਤੋਂ ਬੋਦਲਵਾਲਾ ਵਿਚਕਾਰ ਡਰੇਨ ‘ਤੇ ਦੋ ਕਰੋੜ ਦੀ ਲਾਗਤ ਨਾਲ ਨਵਾਂ ਪੁਲ ਚਾਲੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਹਲਕੇ ਅੰਦਰ ਮੰਡੀਆਂ ਦੇ ਨਵੇਂ ਸ਼ੈੱਡ ਬਣਾਉਣ, ਨਵੇਂ ਬਿਜਲੀ ਗਰਿੱਡ ਬਣਨ ਸਮੇਤ ਹੋਰ ਵਿਕਾਸ ਕਾਰਜ ਦੀ ਜਾਣਕਾਰੀ ਵੀ ਸਾਂਝੀ ਕੀਤੀ। ਪਿੰਡ ਡਾਂਗੀਆਂ ਵਿੱਚ ਪੰਚਾਇਤ ਵੱਲੋਂ ਸਰਪੰਚ ਗੁਰਪ੍ਰੀਤ ਸਿੰਘ ਰਾਜੂ ਦੀ ਅਗਵਾਈ ਹੇਠ ਇਕ ਸਮਾਗਮ ਵੀ ਕਰਵਾਇਆ ਗਿਆ। ਸਰਪੰਚ ਗੁਰਪ੍ਰੀਤ ਸਿੰਘ ਨੇ ਵਿਕਾਸ ਕਾਰਜਾਂ ਲਈ ਗਰਾਂਟ ਦੇਣ ਤੇ ਨੀਂਹ ਪੱਥਰ ਰੱਖਣ ਲਈ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਧੰਨਵਾਦ ਕੀਤਾ। ਨੀਂਹ ਪੱਥਰ ਰੱਖਣ ਮੌਕੇ ਐੱਸ ਡੀ ਓ ਪ੍ਰਭਜੋਤ ਕੌਰ, ਜੇਈ ਨਿਤਿਸ਼ ਮਲਹੋਤਰਾ ਤੋਂ ਇਲਾਵਾ ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਸਤਿੰਦਰ ਸਿੰਘ ਗਾਲਿਬ, ਸਾਬਕਾ ਸਰਪੰਚ ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਕੈਪਟਨ ਜਗਜੀਤ ਸਿੰਘ, ਸ਼ਰਨਜੀਤ ਕੌਰ ਪੰਚ, ਕਰਮਜੀਤ ਕੌਰ ਪੰਚ, ਸੁਖਵਿੰਦਰ ਕੌਰ ਪੰਚ, ਨੰਬਰਦਾਰ ਜਗਰੂਪ ਸਿੰਘ, ਸਰਪੰਚ ਮਨਦੀਪ ਸਿੰਘ, ਸ਼ਮਸ਼ੇਰ ਸਿੰਘ ਹੰਸਰਾ, ਬਲਵਿੰਦਰ ਸਿੰਘ ਪ੍ਰਧਾਨ, ਸਰਪੰਚ ਸੋਹਣ ਸਿੰਘ ਚਕਰ, ਬੇਅੰਤ ਸਿੰਘ ਪ੍ਰਧਾਨ ਹਾਜ਼ਰ ਸਨ।
