ਮਾਣੂੰਕੇ ਨੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਵਿੱਚ ਅੱਜ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਉਹ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਸਥਾਨਕ ਮੰਡੀ ਪਹੁੰਚੇ ਅਤੇ ਨਿੱਕਾ ਸਿੰਘ ਅਜੈਬ ਸਿੰਘ ਆੜ੍ਹਤ ਦੀ ਦੁਕਾਨ ’ਤੇ ਆਏ ਝੋਨੇ ਦਾ ਮਾਰਕਫੈੱਡ ਤੋਂ 2389 ਰੁਪਏ ਭਾਅ ਲਵਾ ਕੇ ਝੋਨੇ ਦੀ ਸਰਕਾਰੀ ਦੀ ਖਰੀਦ ਦੀ ਰਸਮੀ ਸ਼ੁਰੂਆਤ ਕੀਤੀ ਗਈ। ਪਿੰਡ ਕੋਠੇ ਹਾਂਸ ਤੋਂ ਕਿਸਾਨ ਸੁਖਵਿੰਦਰ ਸਿੰਘ ਨੇ ਇਹ ਝੋਨਾ ਲਿਆਂਦਾ ਸੀ। ਵਿਧਾਇਕਾ ਮਾਣੂੰਕੇ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਖਰੀਦ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਉਣ ਦੇਵੇਗੀ। ਸਰਕਾਰ ਨੇ ਖਰੀਦ ਤੇ ਅਦਾਇਗੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਰੱਖੇ ਹਨ। ਉਨ੍ਹਾਂ ਕਿਸਾਨਾਂ ਨੂੰ ਵੀ ਸੁੱਕਾ ਝੋਨਾ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰੇਸ਼ਾਨੀ ਵਧੇਰੇ ਨਮੀ ਵਾਲਾ ਝੋਨਾ ਲਿਆਉਣ 'ਤੇ ਹੀ ਹੁੰਦੀ ਹੈ। ਖਰੀਦ ਸ਼ੁਰੂ ਕਰਨ ਸਮੇਂ ਜ਼ਿਲ੍ਹਾ ਮੰਡੀ ਅਫ਼ਸਰ ਗੁਰਮਤਪਾਲ ਸਿੰਘ ਗਿੱਲ, ਮਾਰਕੀਟ ਕਮੇਟੀ ਸੈਕਟਰੀ ਕੰਵਲਪ੍ਰੀਤ ਸਿੰਘ ਕਲਸੀ, ਏਐੱਫਐੱਸਓ ਬੇਅੰਤ ਸਿੰਘ, ਮਾਰਕਫੈੱਡ ਮੈਨੇਜਰ ਜਸਵੰਤ ਸਿੰਘ ਗੁਰੂ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਜਨਰਲ ਸਕੱਤਰ ਜਤਿੰਦਰ ਸਿੰਘ ਸਰਾਂ, ਬਲਵਿੰਦਰ ਸਿੰਘ ਗਰੇਵਾਲ, ਗੁਰਮੀਤ ਸਿੰਘ ਦੌਧਰ, ਮਨੋਹਰ ਲਾਲ, ਬੂਟਾ ਸਿੰਘ ਗਰੇਵਾਲ, ਨਵੀਨ ਸਿੰਗਲਾ, ਨਰਿੰਦਰ ਸਿਆਲ, ਆਸ਼ੂ ਮਿੱਤਲ, ਨਵੀਨ ਗੋਇਲ ਹਾਜ਼ਰ ਸਨ।