ਮਾਣੂੰਕੇ ਵੱਲੋਂ ‘ਮਿਸ਼ਨ ਚੜ੍ਹਦੀਕਲਾ’ ’ਚ ਯੋਗਦਾਨ ਪਾਉਣ ਦਾ ਸੱਦਾ
‘ਆਪ’ ਦੀ ਲਗਾਤਾਰ ਦੂਜੀ ਵਾਰ ਜਗਰਾਉਂ ਤੋਂ ਵਿਧਾਇਕਾ ਬਣੀ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਇਥੇ ਜਗਰਾਉਂ ਤੋਂ ਕਾਉਂਕੇ ਕਲਾਂ ਨੂੰ ਵਾਇਆ ਜੀਟੀ ਰੋਡ ਜਾਂਦੀ ਸੜਕ ਦਾ ਉਦਘਾਟਨ ਕੀਤਾ। ਇਹ ਸੜਕ ਪਹਿਲਾਂ ਗਿਆਰਾਂ ਫੁੱਟੀ ਸੀ ਜਿਸਨੂੰ ਹੁਣ ਚੌੜਾ ਕਰਕੇ ਅਠਾਰਾਂ ਫੁੱਟੀ ਬਣਾਇਆ ਗਿਆ ਹੈ। ਇਸ 'ਤੇ ਕੁੱਲ ਦੋ ਕਰੋੜ ਪੈਂਤੀ ਲੱਖ ਰੁਪਏ ਦੀ ਲਾਗਤ ਆਈ ਹੈ। ਉਦਘਾਟਨ ਮੌਕੇ ਵਿਧਾਇਕਾ ਨੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਚੜ੍ਹਦੀਕਲਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਇਕ ਪਾਸੇ ਕੇਂਦਰ ਲਗਾਤਾਰ ਸੂਬੇ ਨਾਲ ਵਿਤਕਰਾ ਕਰ ਰਿਹਾ ਹੈ ਅਤੇ ਇਹ ਵਿਤਕਰਾ ਹੜ੍ਹਾਂ ਦੀ ਮਾਰ ਦੇ ਬਾਵਜੂਦ ਜਾਰੀ ਰੱਖਿਆ ਜਾ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਪੰਜਾਬੀ ਹੀ ਪੰਜਾਬੀ ਲਈ ਸਹਾਈ ਹੋ ਰਹੇ ਹਨ। ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਸ਼ਨ ਚੜ੍ਹਦੀਕਲਾ ਸ਼ੁਰੂ ਕੀਤਾ ਹੈ ਜਿਸ ਤਹਿਤ ਇਕੱਠੀ ਹੋਣ ਵਾਲੀ ਰਾਸ਼ੀ ਹੜ੍ਹ ਪੀੜਤਾਂ ਨੂੰ ਵੱਡੀ ਜਾਵੇਗੀ। ਸੜਕ ਦੇ ਉਦਘਾਟਨ ਸਮੇਂ ਉਨ੍ਹਾਂ ਕਿਹਾ ਕਿ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂਸਰ ਅਤੇ ਨਾਨਕਸਰ ਜਾਣ ਵਾਲੀਆਂ ਸੰਗਤਾਂ ਨੂੰ ਇਹ ਚੌੜੀ ਸੜਕ ਬਣਨ ਨਾਲ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਯਤਨਸ਼ੀਲ ਹਨ ਕਿ ਹਲਕੇ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਬਹੁਤ ਜਲਦ ਜਗਰਾਉਂ ਦੀ ਕੱਚਾ ਮਲਕ ਰੋਡ ਦਾ ਨਿਰਮਾਣ ਕਾਰਜ ਵੀ ਸ਼ੁਰੂ ਹੋ ਜਾਵੇਗਾ। ਲੋਕਾਂ ਦੀ ਸਹੂਲਤ ਲਈ ਅਖਾੜਾ ਨਹਿਰ ਉੱਪਰ ਨਵੇਂ ਤੇ ਚੌੜੇ ਪੁਲ ਦਾ ਨਿਰਮਾਣ ਲਗਭਗ ਮੁਕੰਮਲ ਹੋ ਚੁੱਕਾ ਹੈ। ਇਹ ਪੁਲ ਵੀ ਜਲਦ ਲੋਕਾਂ ਦੀ ਸਹੂਲਤ ਲਈ ਚਾਲੂ ਕਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਐਕਸੀਅਨ ਜਤਿਨ ਸਿੰਗਲਾ, ਚੇਅਰਮੈਨ ਕਰਮਜੀਤ ਸਿੰਘ ਡੱਲਾ, ਪਰਮਿੰਦਰ ਸਿੰਘ ਜੇਈ, ਅਮਰਦੀਪ ਸਿੰਘ ਟੂਰੇ, ਸੁਖਦੇਵ ਸਿੰਘ ਕਾਉਂਕੇ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਸਰਪੰਚ ਗੁਰਪ੍ਰੀਤ ਸਿੰਘ ਭੰਮੀਪੁਰਾ, ਮਲਕੀਤ ਕੌਰ, ਦਲਜੀਤ ਸਿੰਘ ਡੱਲਾ, ਅਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਕਾਉਂਕੇ ਹਾਜ਼ਰ ਸਨ।