ਮਾਣੂੰਕੇ ਨੇ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਲਾਏ ਦੋਸ਼ ਨਕਾਰੇ
ਕਾਂਗਰਸ ਸਰਕਾਰ ਸਮੇਂ ਕਰੀਬ ਪੰਜ ਸਾਲ ਸਾਬਕਾ ਮੰਤਰੀ ਤੇ ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ ਨਾਲ ਪਰਛਾਵੇਂ ਵਾਂਗ ਰਹੇ ਅਤੇ ਚੋਣਾਂ ਤੋਂ ਪਹਿਲਾਂ ‘ਆਪ’ ਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨਾਲ ਜੁੜੇ ਯੂਥ ਆਗੂ ਸਾਜਨ ਮਲਹੋਤਰਾ ਦੇ ਮਾਮਲੇ ਵਿੱਚ ਅੱਜ ਵਿਧਾਇਕਾ ਤੇ ਉਨ੍ਹਾਂ ਦੇ ਪਤੀ ਨੂੰ ਸਫ਼ਾਈ ਦੇਣੀ ਪੈ ਗਈ। ਸਥਾਨਕ ਸਿਵਲ ਹਸਪਤਾਲ ਦੇ ਦੌਰੇ ਸਮੇਂ ਰਾਖਵਾਂ ਹਲਕਾ ਜਗਰਾਉਂ ਤੋਂ ਲਗਾਤਾਰ ਦੂਜੀ ਵਾਰ ਚੋਣ ਜਿੱਤੇ ਹੋਏ ਬੀਬੀ ਮਾਣੂੰਕੇ ਨੇ ਕਿਹਾ ਕਿ ਇਸ ਮਾਮਲੇ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਜੀਤ ਸਿੰਘ ਜਿਹੜੇ ਡੋਪ ਟੈਸਟ ਦੀ ਰਿਪੋਰਟ ਨੈਗੇਟਿਵ ਦੇਣ ਲਈ ਦਬਾਅ ਦੇ ਦੋਸ਼ ਲਾਏ ਹਨ, ਉਨ੍ਹਾਂ ਨਿਰਾਧਾਰ ਹਨ। ਵਿਧਾਇਕਾ ਮਾਣੂੰਕੇ ਦੇ ਪਤੀ ਪ੍ਰੋ. ਸੁਖਵਿੰਦਰ ਸੁੱਖੀ ਨੇ ਵੀ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ। ਦੋਵੇਂ ਪਤੀ-ਪਤਨੀ ਨੇ ਮਾਮਲੇ ਦੀ ਨਿਰਪੱਖ ਜਾਂਚ ਮੰਗੀ ਹੈ।
ਦੂਜੇ ਪਾਸੇ ਐਸਐਮਓ ਆਪਣੇ ਦੋਸ਼ਾਂ ’ਤੇ ਕਾਇਮ ਹਨ ਅਤੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਦੀ ਸ਼ਿਕਾਇਤ ਕਰ ਰੱਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਰਹੀ ਹੈ ਅਤੇ ਸੱਤਾਧਾਰੀ ਆਗੂ ਅਸਲਾ ਲਾਇਸੰਸ ਵਾਸਤੇ ਡੋਪ ਟੈਸਟ ਦੀ ਰਿਪੋਰਟ ਨੈਗੇਟਿਵ ਦੇਣ ਦਾ ਦਬਾਅ ਪਾਉਂਦੇ ਹਨ। ਵਿਧਾਇਕਾ ਮਾਣੂੰਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਿਹਤ ਮੰਤਰੀ ਡਾ. ਬਲਵੀਰ ਸਿੰਘ, ਪ੍ਰਿੰਸੀਪਲ ਸਕੱਤਰ ਸਿਹਤ ਵਿਭਾਗ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਇਸ ਸਬੰਧੀ ਦਰਖ਼ਾਸਤਾਂ ਦੇਣ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦਰਖ਼ਾਸਤਾ ਵਿੱਚ ਵੀ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਲੋਕਾਂ ਸਾਹਮਣੇ ਰੱਖਣ ਦੀ ਅਪੀਲ ਕੀਤੀ ਹੈ।
ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦਾ ਹਾਲਚਾਰ ਜਾਣਿਆ
ਹਸਪਤਾਲ ਪਹੁੰਚ ਕੇ ਸਰਵਜੀਤ ਕੌਰ ਮਾਣੂੰਕੇ ਨੇ ਮਰੀਜ਼ਾਂ ਦਾ ਹਾਲਚਾਲ ਪੁੱਛਿਆ। ਉਨ੍ਹਾਂ ਹਸਪਤਾਲ ਵਿੱਚ ਸਫ਼ਾਈ ਪ੍ਰਬੰਧ ਸੁਧਾਰਨ ਦੀ ਹਦਾਇਤ ਕੀਤੀ ਅਤੇ ਸਾਰੇ ਸਟਾਫ਼ ਨੂੰ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਆਖਿਆ। ਉਹ 'ਜੱਚਾ-ਬੱਚਾ' ਹਸਪਤਾਲ ਵੀ ਪਹੁੰਚੇ ਅਤੇ ਦੱਸਿਆ ਕਿ ਇਥੇ ਲਿਫਟ ਖ਼ਰਾਬ ਹੈ ਜਦਕਿ ਜਨਰਲ ਵਾਰਡ ਵਿੱਚ ਏਸੀ ਖ਼ਰਾਬ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਲਗਭਗ 460 ਚਾਦਰਾਂ ਹੋਣ ਦੇ ਬਾਵਜੂਦ ਇਹ ਬਦਲੀਆਂ ਨਹੀਂ ਕੀਤੀਆਂ ਜਾਂਦੀਆਂ, ਬਾਥਰੂਮਾਂ ਵਿੱਚ ਸਫ਼ਾਈ ਦਾ ਬੁਰਾ ਹਾਲ ਤੇ ਹਸਪਤਾਲ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਉਨ੍ਹਾਂ ਹਸਪਤਾਲ ਦੀਆਂ ਹੋਰ ਊਣਤਾਈਆਂ ਵੀ ਗਿਣਾਈਆਂ ਜਿਸ ਦਾ ਠੀਕਰਾ ਐਸ.ਐਮ.ਓ. ਸਿਰ ਭੰਨ੍ਹਿਆ।