ਕੁੱਟ-ਕੁੱਟ ਕੇ ਨੌਜਵਾਨ ਦੀ ਹੱਤਿਆ ਕਰਨ ਵਾਲਾ ਗ੍ਰਿਫ਼ਤਾਰ
ਬੀਤੇ ਕੱਲ੍ਹ ਮੁਲਜ਼ਮ ਨੇ ਵੀਡੀਓ ਵਾਇਰਲ ਕਰ ਕੇ ਕਬੂਲਿਆ ਸੀ ਗੁਨਾਹ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੀ ਪੁਲੀਸ ਨੇ ਮੰਗਲਵਾਰ ਰਾਤ ਨੂੰ ਵਾਪਰੀ ਵਾਰਦਾਤ ਵਿੱਚ ਜਸਕੀਰਤ ਸਿੰਘ ਉਰਫ ਜੱਸਾ ਨਾਂ ਦੇ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ ਕਰਨ ਅਤੇ ਉਸ ਦੀ ਗੱਡੀ ਨੂੰ ਅੱਗ ਲਗਾਉਣ ਦੇ ਦੋਸ਼ ਹੇਠ ਰਮਨਦੀਪ ਸਿੰਘ ਰਮਨਾ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕੇਸ ਵਿੱਚ ਪੁਲੀਸ ਨੇ ਰਮਨਦੀਪ ਸਿੰਘ ਉਰਫ ਰਮਨਾ ਵਾਸੀ ਅਦਰਸ਼ ਨਗਰ ਤੇ ਦੂਸਰੇ ਦੀ ਕੁਲਜੀਤ ਸਿੰਘ ਉਰਫ ਪੀਤੂ ਵਾਸੀ ਆਤਮ ਨਗਰ ਸਣ ਹੋਰ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਬੀਤੇ ਕੱਲ੍ਹ ਵੀਡੀਓ ਵਾਇਰਲ ਕਰ ਕੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਇਸ ਸਬੰਧੀ ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸ਼ਹਿਰੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ੇਅਰ ਮਾਰਕੀਟ ’ਚ ਕੰਮ ਕਰਨ ਵਾਲਾ ਜਸਕੀਰਤ ਸਿੰਘ 29 ਜੁਲਾਈ ਦੀ ਰਾਤ ਨੂੰ ਭੰਡਾਰੀ ਮਾਰਕੀਟ ਸਥਿਤ ਆਪਣੇ ਦਫ਼ਤਰ ਤੋਂ ਸਕਾਰਪੀਓ ਵਿੱਚ ਨਿਕਲਿਆ ਸੀ, ਜਿਸ ਨੂੰ ਕੋਠੇ ਸ਼ੇਰ ਜੰਗ ਪਿੰਡ ਵਿੱਚ ਦਾਖਲ ਹੋਣ ਵੇਲੇ ਹਮਲਾਵਰਾਂ ਨੇ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਦੀ ਗੱਡੀ ਨੂੰ ਵੀ ਅੱਗ ਲਾ ਦਿੱਤੀ। ਜੱਸੇ ਦੇ ਰੌਲਾ ਪਾਉਣ ’ਤੇ ਹਮਲਾਵਰ ਆਪਣੀ ਗੱਡੀ ਵਿੱਚ ਫਰਾਰ ਹੋ ਗਏ।
ਗੰਭੀਰ ਜ਼ਖ਼ਮੀ ਹਾਲਤ ਵਿੱਚ ਜਸਕੀਰਤ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿਥੋਂ ਉਸ ਨੂੰ ਲੁਧਿਆਣਾ ਲਈ ਰੈਫਰ ਕੀਤਾ ਗਿਆ ਪਰ ਰਾਹ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ। ਪੁਲੀਸ ਨੇ ਅੱਜ ਰਮਨਦੀਪ ਸਿੰਘ ਰਮਨਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਜਦਕਿ ਬਾਕੀ ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫਤ ਚੋਂ ਬਾਹਰ ਹਨ। ਡੀਐੱਸਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਬਰਾਮਦ ਕੀਤੀ ਕਾਰ ਵਿੱਚੋਂ ਇੱਕ ਮੋਬਾਈਲ ਫੋਨ, ਪੈਟਰੌਲ ਦੀ ਭਰੀ ਬੋਤਲ, ਇੱਕ ਪਿਸਤੌਲ .45 ਬੋਰ ਸਣੇ ਮੈਗਜ਼ੀਨ ਮਿਲੇ ਹਨ।