ਕੈਂਸਰ ਜਾਂਚ ਕੈਂਪ ’ਚ 27 ਮਰੀਜ਼ਾਂ ਦੀ ਮੈਮੋਗ੍ਰਾਫ਼ੀ ਕੀਤੀ
ਅੱਜ ਇਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਮਾਜ ਸੇਵੀ ਹਰਪ੍ਰੀਤ ਸਿੰਘ ਪ੍ਰਿੰਸ ਦੀ ਪਹਿਲ ਕਦਮੀ ’ਤੇ ਸੋਹਾਣਾ ਹਸਪਤਾਲ ਮੁਹਾਲੀ ਵੱਲੋਂ ‘ਵਾਇਸ ਆਫ਼ ਖੰਨਾ ਸਿਟੀਜ਼ਨਜ਼’ ਸੰਸਥਾ ਦੇ ਸਹਿਯੋਗ ਨਾਲ ਪਹਿਲਾ ਮੁਫ਼ਤ ਮੈਮੋਗ੍ਰਾਫੀ (ਬ੍ਰੈਸਟ ਕੈਂਸਰ ਜਾਂਚ ਔਰਤਾਂ ਲਈ) ਅਤੇ ਮੈਡੀਕਲ ਚੈਕਅੱਪ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਕਰਦਿਆਂ ਉੱਘੇ ਕਾਰੋਬਾਰੀ ਸੁਰਿੰਦਰ ਵਰਮਾ ਨੇ ਸੰਸਥਾ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਆਗੂ ਕੁਲਵੰਤ ਸਿੰਘ ਮਹਿਮੀ ਅਤੇ ਅਵਤਾਰ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੂੰ ਕੈਂਸਰ ਪ੍ਰਤੀ ਸਰੀਰਕ ਜਾਂਚ ਕਰਵਾਉਣ ਲਈ ਖੁਦ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਸ ਸਬੰਧੀ ਪਹਿਲਾਂ ਹੀ ਪਤਾ ਲੱਗ ਸਕੇ ਅਤੇ ਸਹੀ ਸਮੇਂ ਇਲਾਜ ਕੀਤਾ ਜਾ ਸਕੇ। ਸੰਸਥਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤ ਪ੍ਰਤੀ ਚੇਤੰਨ ਕਰਨਾ ਹੈ ਤਾਂ ਜੋ ਇਕ ਨਿਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ 27 ਮਹਿਲਾਵਾਂ ਦੀ ਮੁਫ਼ਤ ਮੈਮੋਗ੍ਰਾਫ਼ੀ ਕੀਤੀ ਗਈ ਅਤੇ 48 ਮਰੀਜ਼ਾਂ ਦੀ ਜਾਂਚ ਕਰਦਿਆਂ ਡਾ. ਸ਼ਿਵਾਨੀ ਨੇ ਸਿਹਤ ਸੰਭਾਲ ਸਬੰਧੀ ਨੁਕਤੇ ਸਾਂਝੇ ਕੀਤੇ। ਇਸ ਦੌਰਾਨ ਬੀ ਪੀ ਅਤੇ ਸ਼ੂਗਰ ਦੀ ਜਾਂਚ ਵੀ ਕੀਤੀ ਗਈ। ਅੰਤ ਵਿਚ ਸ਼ਹਿਰ ਦੀਆਂ ਵੱਖ ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਅਵਤਾਰ ਸਿੰਘ ਕੈਂਥ ਅਤੇ ਰਵਿੰਦਰ ਸਿੰਘ ਬਬਲੂ ਨੇ ਕਿਹਾ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਰੋਕਣ ਲਈ ਮੈਡੀਕਲ ਕੈਂਪ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
