ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੁਧਿਆਣਵੀਆਂ ਨੇ ਵੇਖਿਆ ‘ਬਲਿਹਾਰੀ ਕੁਦਰਤਿ ਵਸਿਆ’ ਫੁੱਲਾਂ ਦਾ ਸ਼ੋਅ

ਗੁਰਦੁਆਰਾ ਗੁਰੂ ਸਿੰਘ ਸਭਾ ਸਰਾਭਾ ਨਗਰ ਵਿੱਚ ਕਰਵਾਇਆ ਸਮਾਗਮ
ਖਿੜੇ ਫੁੱਲਾਂ ਦਾ ਆਨੰਦ ਮਾਣਦੇ ਹੋਏ ਮਾਂ ਤੇ ਬੱਚੇ। -ਫੋਟੋ: ਹਿਮਾਂਸ਼ੂ ਮਹਾਜਨ
Advertisement
ਸਤਵਿੰਦਰ ਬਸਰਾ

ਲੁਧਿਆਣਾ, 2 ਮਾਰਚ

Advertisement

ਇੱਥੋਂ ਦੇ ਗੁਰਦੁਆਰਾ ਗੁਰੂ ਸਿੰਘ ਸਭਾ, ਸਰਾਭਾ ਨਗਰ ਵੱਲੋਂ ‘ਬਲਿਹਾਰੀ ਕੁਦਰਤਿ ਵਸਿਆ’ ਤਹਿਤ ਲਾਇਆ ਫਲਾਵਰ ਸ਼ੋਅ ਅੱਜ ਲੁਧਿਆਣਵੀਆਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਫੋਟੋਗ੍ਰਾਫੀ ਮੁਕਾਬਲਾ ਵੀ ਕਰਵਾਇਆ ਗਿਆ। ਸਮਾਗਮ ਵਿੱਚ ਪਦਮਸ਼੍ਰੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਮੁੱਖ ਮਹਿਮਾਨ ਵਜੋਂ ਪਹੁੰਚੇ।

ਗੁਰਦੁਆਰਾ ਸਾਹਿਬ ਵਿੱਚ ਲਾਏ ਫੁੱਲਾਂ ਦੇ ਸ਼ੋਅ ਨੂੰ ਦੇਖਣ ਲਈ ਆਸ-ਪਾਸ ਦੇ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਕੁਦਰਤ ਪ੍ਰੇਮੀ ਸੰਗਤ ਰੂਪ ਵਿੱਚ ਇਕੱਠੇ ਹੋਏ। ਇਸ ਦੌਰਾਨ ਹਰ ਉਮਰ ਵਰਗ ਦੇ ਲੋਕਾਂ ਨੇ ਕੁਦਰਤ ਦੀ ਅਨਮੋਲ ਦਾਤ ਫੁੱਲਾਂ ਨਾਲ ਸੈਲਫੀਆਂ ਲਈਆਂ ਅਤੇ ਇਸ ਸ਼ੋਅ ਨੂੰ ਯਾਦਗਾਰ ਬਣਾਇਆ। ਦੇਰ ਸ਼ਾਮ ਤੱਕ ਸੈਂਕੜੇ ਲੋਕਾਂ ਨੇ ਫੁੱਲਾਂ ਦੀ ਖੂਬਸੂਰਤੀ ਦਾ ਆਨੰਦ ਮਾਣਿਆ। ਮੁੱਖ ਮਹਿਮਾਨ ਭਾਈ ਹਰਜਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਵੱਲੋਂ ਕਰਵਾਏ ਫੁੱਲਾਂ ਦੇ ਸ਼ੋਅ ਅਤੇ ਮੌਕੇ ’ਤੇ ਫੋਟੋਗ੍ਰਾਫੀ ਮੁਕਾਬਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਬਣ ਗਈ ਹੈ।

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਪਾਲ ਸਿੰਘ ਠੁਕਰਾਲ ਨੇ ਸਾਰਿਆਂ ਨੂੰ ਸਵਾਗਤੀ ਸ਼ਬਦ ਕਹੇ। ਜਨਰਲ ਸਕੱਤਰ ਡਾ. ਗੁਰਪ੍ਰੀਤ ਸਿੰਘ ਬਜਾਜ ਨੇ ਆਏ ਮਹਿਮਾਨਾਂ ਤੇ ਸੰਗਤ ਦਾ ਧੰਨਵਾਦ ਕੀਤਾ। ਸਮਾਗਮ ਦੇ ਕਨਵੀਨਰ ਚਰਨਦੀਪ ਸਿੰਘ ਅਤੇ ਚਰਨਜੀਤ ਕੌਰ ਠੁਕਰਾਲ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ। ਫੋਟੋਗ੍ਰਾਫੀ ਮੁਕਾਬਲੇ ਵਿੱਚ ਡਾ. ਮਾਨ ਸਿੰਘ ਤੂਰ, ਤੇਜਪ੍ਰਤਾਪ ਸਿੰਘ ਸੰਧੂ, ਨਰਿੰਦਰ ਸਿੰਘ ਲੋਚਮ, ਦੀਪੀਕਾ ਕੋਚਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਫਲਾਵਰ ਸ਼ੋਅ ਜੱਜਮੈਂਟ ਦੀ ਸੇਵਾ ਡਾ. ਜੇ. ਐਸ. ਬਿਲਗਾ, ਡਾ. ਜੇ. ਐਸ. ਅਰੋੜਾ, ਡਾ. ਪਰਮਿੰਦਰ ਸਿੰਘ, ਡਾ. ਰਮੇਸ਼ ਕੁਮਾਰ, ਡਾ. ਸਿਮਰਤ ਸਿੰਘ, ਡਾ. ਮਧੂ, ਡਾ. ਬਰਿਜਮੋਹਨ ਭਾਰਦਵਾਜ ਅਤੇ ਡਾ. ਰਣਜੀਤ ਸਿੰਘ ਨੇ ਨਿਭਾਈ। ਪਤਵੰਤਿਆਂ ਵੱਲੋਂ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ।

ਫਲਾਵਰ ਸ਼ੋਅ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਵਿੱਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸੂ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਫੀਕੋ ਪ੍ਰਧਾਨ ਸ੍ਰੀ ਕੁਲਾਰ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਅਤੇ ਕੌਂਸਲਰ ਇੰਦਰਜੀਤ ਸਿੰਘ ਇੰਦੀ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਤ ਪ੍ਰਧਾਨ ਰਵਿੰਦਰ ਕੌਰ, ਜਗਦੀਪ ਸਿੰਘ ਨੀਲੂ, ਤੇਜਿੰਦਰ ਸਿੰਘ ਨੀਟੂ, ਚਰਨਜੀਤ ਕੌਰ ਠੁਕਰਾਲ, ਮਹਿੰਦਰ ਸਿੰਘ ਗਰੇਵਾਲ, ਪ੍ਰਿੰਸੀਪਲ ਜਸਪ੍ਰੀਤ ਮੋਹਨ ਸਿੰਘ, ਕਮਿੱਕਰ ਸਿੰਘ ਅਤੇ ਸਮੂਹ ਸੰਗਤ ਨੇ ਹਾਜ਼ਰੀ ਭਰੀ।

ਨੌਜਵਾਨ ਪੀੜ੍ਹੀ ਨੂੰ ਮਾਂ ਬੋਲੀ ਪੰਜਾਬੀ ਦੇ ਨੇੜੇ ਕਰ ਰਹੀ ਹੈ ਕੈਲੀਗ੍ਰਾਫੀ 

ਦਵਿੰਦਰ ਸਿੰਘ ਨਾਗੀ ਲੁਧਿਆਣਾ ਦੇ ਵੱਖ ਵੱਖ ਸਕੂਲਾਂ/ਕਾਲਜਾਂ ਵਿੱਚ ਕੈਂਪ ਲਾ ਕੇ ਬੱਚਿਆਂ ਨੂੰ ਕੈਲੀਗ੍ਰਾਫੀ ਰਾਹੀਂ ਮਾਂ ਬੋਲੀ ਪੰਜਾਬੀ ਨਾਲ ਜੋੜਨ ਲਈ ਅਹਿਮ ਭੂਮਿਕਾ ਨਿਭਾਅ ਰਹੇ ਹਨ। ਅੱਜ ਸ੍ਰੀ ਨਾਗੀ ਨੇ ਇੱਥੋਂ ਦੇ ਗੁਰਦੁਆਰਾ ਸਰਾਭਾ ਨਗਰ ਵਿੱਚ ਕੈਂਪ ਲਾਇਆ ਜਿਸ ਵਿੱਚ ਵੱਡੀ ਗਿਣਤੀ ਬੱਚਿਆਂ ਨੇ ਨਾ ਸਿਰਫ ਕੈਲੀਗ੍ਰਾਫੀ ਦੇ ਮੁੱਢਲੇ ਗੁਰ ਸਿੱਖੇ ਸਗੋਂ ਕੈਲੀਗ੍ਰਾਫੀ ਵਿੱਚ ਆਪਣੇ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਮ ਲਿਖਵਾਏ। ਇੱਥੋਂ ਦੇ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿੱਚ ਆਰਟ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਦਵਿੰਦਰ ਸਿੰਘ ਨਾਗੀ ਹੁਣ ਤੱਕ ਵੱਖ-ਵੱਖ ਕਾਲਜਾਂ/ਸਕੂਲਾਂ ਵਿੱਚ 15-20 ਪ੍ਰਦਰਸ਼ਨੀਆਂ/ਕੈਂਪ ਲਾ ਚੁੱਕੇ ਹਨ। ਕੈਂਪਾਂ ਵਿੱਚ ਉਹ ਨੌਜਵਾਨਾਂ ਅਤੇ ਖਾਸ ਕਰਕੇ ਬੱਚਿਆਂ ਨੂੰ ਕੈਲੀਗ੍ਰਾਫੀ ਰਾਹੀਂ ਮਾਂ ਬੋਲੀ ਨਾਲ ਜੋੜਨ ਦੇ ਉਪਰਾਲੇ ਤਹਿਤ ਗੁਰਬਾਣੀ ਦੀਆਂ ਤੁਕਾਂ ਲਿਖ ਕੇ ਦਿਖਾਉਂਦੇ ਹਨ। ਨਾਗੀ ਨੇ ਭਾਵੇ ਇਸ ਕਲਾ ਦੀ ਕੋਈ ਸਿਖਲਾਈ ਨਹੀਂ ਲਈ ਪਰ ਉਹ ਕੁਦਰਤ ਦੀ ਇਸ ਕਲਾ ਨੂੰ ਅੱਗੋਂ ਹੋਰਨਾਂ ’ਚ ਵੰਡ ਕੇ ਖੁਸ਼ੀ ਮਹਿਸੂਸ ਕਰਦਾ ਹੈ। ਨਾਗੀ ਨੇ ਕਿਹਾ ਕਿ ਉਸ ਦਾ ਮਕਸਦ ਪੰਜਾਬੀ ਮਾਂ ਬੋਲੀ ਨੂੰ ਵੱਧ ਤੋਂ ਵੱਧ ਬੱਚਿਆਂ/ਨੌਜਵਾਨਾਂ ਤੱਕ ਪਹੁੰਚਾਉਣਾ ਹੈ ਤਾਂ ਜੋ ਮਾਂ ਬੋਲੀ ਨੂੰ ਬਣਦਾ ਸਨਮਾਨ ਮਿਲ ਸਕੇ।

ਦਵਿੰਦਰ ਨਾਗੀ ਤੋਂ ਕੈਲੀਗ੍ਰਾਫੀ ਵਿੱਚ ਨਾਮ ਲਿਖਵਾਉਂਦੇ ਹੋਏ ਬੱਚੇ। -ਫੋਟੋ: ਹਿਮਾਂਸ਼ੂ ਮਹਾਜਨ

 

Advertisement