ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੁਧਿਆਣਵੀਆਂ ਨੂੰ 85 ਲੱਖ ਖਰਚ ਕੇ ਵੀ ਪ੍ਰਦੂਸ਼ਣ ਤੋਂ ਰਾਹਤ ਨਾ ਮਿਲੀ

ਨਿਗਮ ਵੱਲੋਂ ਖਰੀਦੀਅਾਂ ਅੈਂਟੀ ਸਮੋਗ ਗੰਨਜ਼ ਚਿੱਟਾ ਹਾਥੀ ਸਾਬਤ; ਸਨਅਤੀ ਸ਼ਹਿਰ ’ਤੇ ਪ੍ਰਦੂਸ਼ਣ ਦੀ ਮਾਰ ਹੇਠ ਹੋਣ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਨਹੀਂ ਹੋ ਰਹੀ ਗੰਨਜ਼ ਦੀ ਵਰਤੋਂ
ਹੰਬੜਾ ਰੋਡ ’ਤੇ ਖੜ੍ਹੀ ਐਂਟੀ ਸਮੋਗ ਗਨ।
Advertisement

ਇਥੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਦੇ ਤਹਿਤ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵੱਲੋਂ 85 ਲੱਖ ਰੁਪਏ ਖਰਚਣ ਦੇ ਬਾਵਜੂਦ ਵੀ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲ ਸਕੀ। ਨਗਰ ਨਿਗਮ ਵੱਲੋਂ ਹਵਾ ਪ੍ਰਦੂਸ਼ਣ ਘੱਟ ਕਰਨ ਲਈ ਖਰੀਦੀਆਂ ਪੰਜ ਐਂਟੀ ਸਮੋਗ ਗੰਨਜ਼ ਸ਼ੋਅਪੀਸ ਬਣ ਕੇ ਖੜ੍ਹੀਆਂ ਹਨ। ਇਨ੍ਹਾਂ ਐਂਟੀ ਸਮੋਗ ਗੰਨਜ਼ ਦਾ ਲੁਧਿਆਣਾ ਵਾਸੀਆਂ ਨੂੰ ਕੋਈ ਫਾਇਦਾ ਨਹੀਂ ਹੋਇਆ ਹੈ। ਇਹ ਸਿਰਫ ਸਰਕਾਰੀ ਦਫ਼ਤਰਾਂ ਦੀ ਸ਼ਾਨ ਬਣ ਰਹੀਆਂ ਹਨ। ਅਜਿਹਾ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਨਗਰ ਨਿਗਮ ਨੇ ਪ੍ਰਦੂਸ਼ਣ ਤੋਂ ਰਾਹਤ ਦਿਵਾਉਣ ਲਈ ਵੱਡਾ ਕਦਮ ਚੁੱਕਦੇ ਹੋਏ ਐਂਟੀ ਸਮੋਗ ਗੰਨਜ਼ ਖਰੀਦੀਆਂ ਸਨ ਪਰ ਹੁਣ ਪ੍ਰਦੂਸ਼ਿਤ ਹਵਾ ਵਿੱਚ ਇਨ੍ਹਾਂ ਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ ਹੈ। ਪਿਛਲੇ ਦਿਨੀਂ ਆਏ ਮੀਂਹ ਨੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਭਾਵੇਂ ਰਾਹਤ ਦਿਵਾਈ ਹੈ ਜਿਸ ਕਾਰਨ ਅਸਮਾਨ ਸਾਫ਼ ਹੋਇਆ ਹੈ।

ਪਰਾਲੀ ਦੇ ਸੀਜ਼ਨ ਤੇ ਦੀਵਾਲੀ ਤੋਂ ਬਾਅਦ ਲੁਧਿਆਣਾ ਵਿੱਚ ਏਅਰ ਕੁਆਲਿਟੀ ਇੰਡੈਕਸ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਕਾਫੀ ਵੱਧ ਗਈ ਹੈ। ਸ਼ਹਿਰ ਵਾਸੀਆਂ ਨੂੰ ਅੱਖਾਂ ’ਚ ਜਲਣ ਅਤੇ ਸਾਹ ਲੈਣ ਵਿੱਚ ਦਿੱਕਤ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

ਇਨ੍ਹਾਂ ਗੰਨਜ਼ ਨੂੰ ਖਰੀਦਣ ਵੇਲੇ ਨਗਰ ਨਿਗਮ ਨੇ ਦਾਅਵਾ ਕੀਤਾ ਸੀ ਕਿ ਇਸ ਹਾਈਟੈੱਕ ਐਂਟੀ ਸਮੋਗ ਗੰਨਜ਼ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਘਟਾਉਣ ਵਿੱਚ ਕਾਫ਼ੀ ਲਾਹੇਵੰਦ ਸਿੱਧ ਹੋਣਗੀਆਂ ਪਰ ਅਸਲ ਵਿੱਚ ਇਹ ਮਸ਼ੀਨਾਂ ਜ਼ਮੀਨੀ ਪੱਧਰ ’ਤੇ ਕੋਈ ਵੱਖਰਾ ਪ੍ਰਭਾਵ ਨਹੀਂ ਛੱਡ ਸਕੀਆਂ ਕਿਉਂਕਿ ਇਹ ਐਂਟੀ ਸਮੋਗ ਗੰਨਜ਼ ਸਿਰਫ਼ ਫੋਟੋ ਸੈਸ਼ਨ ਲਈ ਹੀ ਵਰਤੀਆਂ ਜਾਂਦੀਆਂ ਰਹੀਆਂ ਹਨ। ਜ਼ਮੀਨੀ ਪੱਧਰ ’ਤੇ ਇਨ੍ਹਾਂ ਦਾ ਇਸਤੇਮਾਲ ਨਹੀਂ ਕੀਤੀ ਜਾ ਰਿਹਾ। ਇਸ ਕਾਰਨ ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ ਮਿਲ ਰਹੀ ਹੈ। ਉਦਘਾਟਨ ਤੋਂ ਬਾਅਦ ਕੁਝ ਦਿਨ ਪਹਿਲਾਂ ਫੁਆਰ ਚੌਕ ਦੇ ਆਲੇ-ਦੁਆਲੇ ਇਹ ਗੰਨ ਵਰਤੀ ਗਈ ਸੀ ਪਰ ਉਸ ਤੋਂ ਬਾਅਦ ਇਹ ਕਿਤੇ ਵੀ ਨਜ਼ਰ ਨਹੀਂ ਆਈ। ਇੱਕ ਐਂਟੀ ਸਮੋਗ ਗੰਨ ਵਰਕਸ਼ਾਪ ਤੋਂ ਕੁਝ ਮੀਟਰ ਦੂਰ ਟਰੱਕ ਸਣੇ ਖੜ੍ਹੀ ਹੈ ਜਦ ਕਿ ਇੱਕ ਮਸ਼ੀਨ ਟਰੱਕ ਦੀ ਮੁਰੰਮਤ ਕਾਰਨ ਬੰਦ ਪਈ ਹੈ। ਇੱਕ ਹੋਰ ਮਸ਼ੀਨ ਬੀ-ਜ਼ੋਨ ਨੂੰ ਸੌਂਪੀ ਗਈ ਹੈ, ਜਦਕਿ ਬਾਕੀ ਮਸ਼ੀਨਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਵਰਕਸ਼ਾਪ ਇੰਚਾਰਜ ਅਰਵਿੰਦ ਨੇ ਦੱਸਿਆ ਕਿ ਇਕ ਗੰਨ ਫੁਆਰਾ ਚੌਕ ਨੇੜੇ ਹੈ ਅਤੇ ਦੂਜੀ ਬੀ-ਜ਼ੋਨ ਇਲਾਕੇ ਵਿੱਚ ਹੈ, ਪਰ ਬਾਕੀ ਮਸ਼ੀਨਾਂ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ।

ਜਿੱਥੇ ਲੋੜ ਹੁੰਦੀ ਹੈ ਮਸ਼ੀਨ ਚਲਾਈ ਜਾਂਦੀ ਹੈ: ਕਾਰਜਕਾਰੀ ਇੰਜਨੀਅਰ

ਕਾਰਜਕਾਰੀ ਇੰਜਨੀਅਰ ਬਲਵਿੰਦਰ ਸਿੰਘ ਨੇ ਕਿਹਾ ਕਿ ਨਗਰ ਨਿਗਮ ਨੇ ਪੰਜ ਐਂਟੀ-ਸਮੋਗ ਗੰਨਜ਼ ਖਰੀਦੀਆਂ ਸਨ। ਵੱਡੀ ਮਸ਼ੀਨ ਹਵਾ ਵਿੱਚ 100 ਫੁੱਟ ਤੱਕ ਛਿੜਕਾਅ ਕਰ ਸਕਦੀ ਹੈ, ਜਦਕਿ ਛੋਟੀ ਮਸ਼ੀਨ 30 ਫੁੱਟ ਤੱਕ। ਇਹ ਮਸ਼ੀਨਾਂ ਦੀਵਾਲੀ ਤੋਂ ਲੈ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰੋਜ਼ਾਨਾ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਅਨੁਸਾਰ ਇਹ ਮਸ਼ੀਨਾਂ ਰਾਤ ਦੇ ਸਮੇਂ ਚਲਾਈਆਂ ਜਾਂਦੀਆਂ ਹਨ ਕਿਉਂਕਿ ਉਸ ਸਮੇਂ ਟ੍ਰੈਫਿਕ ਘੱਟ ਹੁੰਦਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਲੋਕਾਂ ਨੂੰ ਤਾਂ ਮਸ਼ੀਨ ਚਲਦੀ ਦਾ ਪਤਾ ਨਹੀਂ ਚੱਲਿਆ ਤਾਂ ਉਨ੍ਹਾਂ ਦਾ ਕਿਹਾ ਕਿ ਜਿੱਥੇ ਲੋੜ ਹੁੰਦੀ ਹੈ, ਉੱਥੇ ਮਸ਼ੀਨ ਚਲਾਈ ਜਾਂਦੀ ਹੈ।

Advertisement
Show comments