ਲੁਧਿਆਣਾ ਪੁਲੀਸ ਨੇ ਮਹਿਲਾ ਤਸਕਰ ਦਾ ਮਕਾਨ ਢਾਹਿਆ
ਨਸ਼ਾ ਤਸਕਰੀ ਤੋਂ ਕਮਾਏ ਪੈਸੇ ਨਾਲ ਬਣਾਈਆਂ ਗੈਰ-ਕਾਨੂੰਨੀ ਜਾਇਦਾਦਾਂ ਵਿਰੁੱਧ ਲੁਧਿਆਣਾ ਪੁਲੀਸ ਦੀ ਕਾਰਵਾਈ ਜਾਰੀ ਹੈ। ਲੁਧਿਆਣਆ ਪੁਲੀਸ ਨੇ ਸ਼ੁੱਕਰਵਾਰ ਨੂੰ ਪਿੰਡ ਮਲਕਪੁਰ ਇਲਾਕੇ ਵਿੱਚ ਇੱਕ ਮਹਿਲਾ ਤਸਕਰ ਦੇ ਮਕਾਨ ’ਤੇ ਕਾਰਵਾਈ ਕੀਤੀ। ਔਰਤ ਨੇ ਨਸ਼ਾ ਤਸਕਰੀ ਤੋਂ ਕਮਾਏ ਪੈਸੇ ਨਾਲ ਗਲਾਡਾ ਦੀ ਜ਼ਮੀਨ ’ਤੇ ਇੱਕ ਗੈਰ-ਕਾਨੂੰਨੀ ਘਰ ਬਣਾਇਆ ਸੀ। ਕਾਰਵਾਈ ਦੌਰਾਨ ਗਲਾਡਾ ਦੇ ਅਧਿਕਾਰੀ ਵੀ ਮੌਜੂਦ ਸਨ ਅਤੇ ਡੀਸੀਪੀ ਹਰਪਾਲ ਸਿੰਘ ਗਰੇਵਾਲ ਸਣੇ ਕਈ ਥਾਣਿਆਂ ਦੀ ਪੁਲੀਸ ਵੀ ਮੌਜੂਦ ਸਨ। ਮਹਿਲਾ ਤਸਕਰ ਦੀ ਪਛਾਣ ਅਮਰਜੀਤ ਕੌਰ ਵਜੋਂ ਹੋਈ ਹੈ ਅਤੇ ਉਸ ਵਿਰੁੱਧ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਮੁਲਜ਼ਮ ਔਰਤ ਇਸ ਸਮੇਂ ਜੇਲ੍ਹ ਵਿੱਚ ਸਜ਼ਾ ਕੱਟ ਰਹੀ ਹੈ।
ਡੀਸੀਪੀ ਕ੍ਰਾਈਮ ਹਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਇੱਕ ਮਹਿਲਾ ਨਸ਼ਾ ਤਸਕਰ ਦੇ ਘਰ ’ਤੇ ਕਾਰਵਾਈ ਕੀਤੀ ਗਈ। ਹੰਬੜਾ ਰੋਡ ’ਤੇ ਪਿੰਡ ਮਲਕਪੁਰ ਦੀ ਰਹਿਣ ਵਾਲੀ ਅਮਰਜੀਤ ਕੌਰ ਵਿਰੁੱਧ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਸੱਤ ਤੋਂ ਅੱਠ ਕੇਸ ਦਰਜ ਹਨ। ਉਹ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦੇ ਕਾਰੋਬਾਰ ਵਿੱਚ ਸੀ। ਉਸ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਈ ਵਾਰ ਜੇਲ੍ਹ ਵੀ ਗਈ ਹੈ, ਪਰ ਉਸ ਤੋਂ ਬਾਅਦ ਵੀ ਉਸ ਨੇ ਨਸ਼ਾ ਤਸਕਰੀ ਨਹੀਂ ਛੱਡੀ। ਨਸ਼ਾ ਤਸਕਰੀ ਤੋਂ ਕਮਾਏ ਪੈਸੇ ਨਾਲ ਦੋਸ਼ੀ ਔਰਤ ਨੇ ਗਲਾਡਾ ਦੀ ਜਗ੍ਹਾਂ ’ਤੇ ਗੈਰ-ਕਾਨੂੰਨੀ ਤੌਰ ’ਤੇ ਘਰ ਬਣਾਇਆ। ਜਿਸ ਤੋਂ ਬਾਅਦ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਪੁਲੀਸ ਨੇ ਔਰਤ ਦੇ ਘਰ ’ਤੇ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਮਹਿਲਾ ਤਸਕਰ ਹਾਲੇ ਵੀ ਜੇਲ੍ਹ ਵਿੱਚ ਹੈ ਅਤੇ ਉਸਨੂੰ ਇੱਕ ਮਾਮਲੇ ਵਿੱਚ ਦੋਸ਼ੀ ਵੀ ਠਹਿਰਾਇਆ ਗਿਆ ਹੈ। ਪੁਲੀਸ ਔਰਤ ਦੇ ਪਰਿਵਾਰਕ ਮੈਂਬਰਾਂ ’ਤੇ ਵੀ ਨਜ਼ਰ ਰੱਖ ਰਹੀ ਹੈ। ਪੁਲੀਸ ਨੇ ਕਈ ਹੋਰ ਨਸ਼ਾ ਤਸਕਰਾਂ ਦੀ ਸੂਚੀ ਵੀ ਤਿਆਰ ਕੀਤੀ ਹੈ ਜਿਨ੍ਹਾਂ ਵਿਰੁੱਧ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।