ਲੁਧਿਆਣਾ ਦਾ ਨਾਜਾਇਜ਼ ਰੇਹੜੀਆਂ/ਫੜ੍ਹੀਆਂ ਤੋਂ ਨਹੀਂ ਹੋ ਰਿਹਾ ਛੁਟਕਾਰਾ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਸੜਕਾਂ ਦੇ ਕਿਨਾਰਿਆਂ ’ਤੇ ਲੱਗਦੀਆਂ ਨਾਜਾਇਜ਼ ਫੜ੍ਹੀਆਂ/ਰੇਹੜੀਆਂ ਤੋਂ ਛੁਟਕਾਰਾ ਨਹੀਂ ਹੋ ਰਿਹਾ ਜਿਸ ਕਰ ਕੇ ਜਾਮ ਲੱਗ ਜਾਂਦਾ ਹੈ। ਅਜਿਹੇ ਨਾਜਾਇਜ਼ ਫੜ੍ਹੀਆਂ/ਰੇਹੜੀਆਂ ਲਗਾਉਣ ਵਾਲਿਆਂ ’ਤੇ ਭਾਵੇਂ ਸਬੰਧਤ ਵਿਭਾਗਾਂ ਵੱਲੋਂ ਸਮੇਂ-ਸਮੇਂ ’ਤੇ ਕਾਰਵਾਈ ਵੀ ਕੀਤੀ ਜਾਂਦੀ ਹੈ ਪਰ ਕੁੱਝ ਹੀ ਸਮੇਂ ਮਗਰੋਂ ਇਹ ਫੜ੍ਹੀਆਂ ਮੁੜ ਲੱਗ ਜਾਂਦੀਆਂ ਹਨ। ਐਤਵਾਰ ਤਾਂ ਇੰਨਾਂ ਦੀ ਗਿਣਤੀ ਆਮ ਦਿਨਾਂ ਨਾਲੋਂ ਕਈ ਗੁਣਾਂ ਵਧ ਜਾਂਦੀ ਹੈ।
ਭੀੜ-ਭੜੱਕੇ ਵਾਲੇ ਸ਼ਹਿਰ ਵਜੋਂ ਮਸ਼ਹੂਰ ਲੁਧਿਆਣਾ ਦੀ ਹਰ ਸੜਕ, ਗਲੀ ਦੇ ਕਿਨਾਰਿਆਂ ’ਤੇ ਨਾਜਾਇਜ਼ ਫੜ੍ਹੀਆਂ/ਰੇਹੜੀਆਂ ਲਗਾ ਕੇ ਸਮਾਨ ਵੇਚਿਆ ਜਾ ਰਿਹਾ ਹੈ। ਮਿਹਨਤ ਕਰਕੇ ਰੋਟੀ-ਰੋਜ਼ੀ ਕਮਾਉਣੀ ਸਾਰਿਆਂ ਦਾ ਹੱਕ ਹੈ ਪਰ ਸਰਕਾਰੀ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕਰਕੇ ਆਪਣੇ ਕੰਮ ਚਲਾਉਣੇ ਕਾਨੂੰਨ ਦੀ ਉਲੰਘਣਾ ਕਰਨ ਬਰਾਬਰ ਹੈ। ਸ਼ਹਿਰ ਅਤੇ ਆਸ-ਪਾਸ ਦੀ ਸ਼ਾਇਦ ਹੀ ਕੋਈ ਅਜਿਹੀ ਸੜਕ ਹੋਵੇ, ਜਿਸ ਦੇ ਕਿਨਾਰੇ ਲੋਕਾਂ ਵੱਲੋਂ ਨਾਜਾਇਜ਼ ਫੜ੍ਹੀਆਂ/ਰੇਹੜੀਆਂ ਲਾ ਕੇ ਸਾਮਾਨ ਨਹੀਂ ਵੇਚਿਆ ਜਾ ਰਿਹਾ। ਸਥਾਨਕ ਸਮਰਾਲਾ ਚੌਕ ਤੋਂ ਡਿਵੀਜ਼ਨ ਨੰਬਰ-3 ਤੱਕ, ਤਾਜਪੁਰ ਰੋਡ ਰੋਡ ਤੋਂ ਗਊਸ਼ਾਲਾ ਰੋਡ ਤੱਕ, ਸਮਰਾਲਾ ਚੌਕ ਤੋਂ ਵਰਧਮਾਨ ਮਿੱਲ ਤੱਕ, ਜਗਰਾਉਂ ਪੁਲ ਤੋਂ ਵਿਸ਼ਵਕਰਮਾ ਚੌਕ ਤੱਕ, ਸਿਵਲ ਹਸਪਤਾਲ ਤੋਂ ਫੀਲਡ ਗੰਜ ਤੱਕ, ਸੁਹਾਨੀ ਬਿਲਡਿੰਗ ਤੋਂ ਪੁਰਾਣੇ ਲੋਕਲ ਅੱਡੇ ਤੱਕ, ਰੇਲਵੇ ਸਟੇਸ਼ਨ ਤੋਂ ਮਾਤਾ ਰਾਣੀ ਚੌਕ ਤੱਕ, ਚੌਥੇ ਬਾਜ਼ਾਰ ਤੋਂ ਬਿਜਲੀ ਮਾਰਕੀਟ ਤੱਕ ਜਾਂਦੀਆਂ ਸਾਰੀਆਂ ਸੜਕਾਂ ਦੇ ਕਿਨਾਰਿਆਂ ’ਤੇ ਫਲਾਂ, ਸਬਜ਼ੀਆਂ, ਰੈਡੀਮੇਡ ਕੱਪੜਿਆਂ, ਫਾਸਟ ਫੂਡ ਅਤੇ ਹੋਰ ਤਰ੍ਹਾਂ-ਤਰ੍ਹਾਂ ਦੇ ਸਾਮਾਨ ਦੀਆਂ ਨਾਜਾਇਜ਼ ਰੇਹੜੀਆਂ/ਫੜ੍ਹੀਆਂ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ। ਇੰਨਾਂ ਵਿੱਚੋਂ ਕਈ ਥਾਵਾਂ ’ਤੇ ਤਾਂ ਨਗਰ ਨਿਗਮ, ਤਹਿਬਾਜ਼ਾਰੀ ਵਿਭਾਗ ਅਤੇ ਟਰੈਫਿਕ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕੀਤੀ ਜਾਂਦੀ ਰਹੀ ਹੈ। ਸ਼ਹਿਰ ਵਿੱਚ ਕਈ ਥਾਵਾਂ ’ਤੇ ਇੰਨਾਂ ਕਰਕੇ ਟ੍ਰੈਫਿਕ ਜਾਮ ਹੋ ਜਾਂਦਾ ਹੈ ਜਿਸ ਕਰਕੇ ਲੋਕਾਂ ਦੇ ਮਿੰਟਾਂ ਦੇ ਸਫਰ ਨੂੰ ਘੰਟੇ ਲੱਗ ਜਾਂਦੇ ਹਨ। ਚੌੜਾ ਬਾਜ਼ਾਰ ਅਤੇ ਘੁਮਾਰ ਮੰਡੀ ਵਿੱਚ ਈ-ਰਿਕਸ਼ਿਆਂ ਦੀ ਭਰਮਾਰ ਟ੍ਰੈਫਿਕ ਜਾਮ ਦਾ ਕਾਰਨ ਬਣ ਰਹੀ ਹੈ।
