ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਗੂੰਜਿਆ ਲੁਧਿਆਣਾ

ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਨਿੱਘਾ ਸਵਾਗਤ; ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ; ਪੁਲੀਸ ਨੇ ‘ਗਾਰਡ ਆਫ ਆਨਰ’ ਦਿੱਤਾ
ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਮਗਰੋਂ ਫਤਹਿਗੜ੍ਹ ਸਾਹਿਬ ਲਈ ਰਵਾਨਾ ਹੁੰਦਾ ਹੋਇਆ ਨਗਰ ਕੀਰਤਨ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਵਿਸ਼ਵਾਸ ਅਤੇ ਏਕਤਾ ਦੇ ਪ੍ਰਤੀਕ ਅਲੌਕਿਕ ਨਗਰ ਕੀਰਤਨ ਵਿੱਚ ਅੱਜ ਹਜ਼ਾਰਾਂ ਸ਼ਰਧਾਲੂਆਂ ਨੇ ਲੁਧਿਆਣਾ ਦੇ ਇਲਾਕਿਆਂ ਵਿੱਚ ਹਾਜ਼ਰੀ ਭਰੀ। ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਨਗਰ ਕੀਰਤਨ ਦਾ ਲੁਧਿਆਣਾ ਦੇ ਲੋਕਾਂ ਨੇ ਨਿੱਘਾ ਸਵਾਗਤ ਕੀਤਾ। ਹੱਥਾਂ ਵਿੱਚ ਫੁੱਲ ਲੈ ਕੇ ਸੰਗਤ ਨੇ ਪਾਲਕੀ ਸਾਹਿਬ ਅੱਗੇ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਲਗਾਏ। ਲੁਧਿਆਣਾ ਦਾ ਮਾਹੌਲ ਅੱਜ ਧਾਰਮਿਕ ਜੋਸ਼ ਨਾਲ ਗੂੰਜ ਉੱਠਿਆ ਕਿਉਂਕਿ ਹਰ ਉਮਰ ਦੇ ਲੋਕਾਂ ਨੇ ‘ਸਤਿਨਾਮ ਵਾਹਿਗੁਰੂ’ ਅਤੇ ’ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਲਗਾਏ। ਪੰਜ ਪਿਆਰਿਆਂ ’ਤੇ ਫੁੱਲਾਂ ਦੀ ਵਰਖਾਂ ਕੀਤੀ ਗਈ। ਇਸ ਦੌਰਾਨ ਪੰਜਾਬ ਪੁਲੀਸ ਨੇ ਨਗਰ ਕੀਰਤਨ ਵਿੱਚ ਪੰਜ ਪਿਆਰੇ ਤੇ ਪਾਲਕੀ ਸਾਹਿਬ ਅੱਗੇ ‘ਗਾਰਡ ਆਫ ਆਨਰ’ ਦਿੱਤਾ। ਨਗਰ ਕੀਰਤਨ ਦੇਰ ਰਾਤ ਲੁਧਿਆਣਾ ਪੁੱਜਿਆ। ਬਾਅਦ ਵਿਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਆਰਾਮ ਮਗਰੋਂ ਨਗਰ ਕੀਰਤਨ ਦੀ ਅੱਜ ਸਵੇਰੇ 10 ਵਜੇ ਅਗਲੇ ਪੜਾਅ ਲਈ ਸ਼ੁਰੂਆਤ ਹੋਈ।

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਸਵੇਰੇ 10 ਵਜੇ ਸੈਂਕੜਿਆਂ ਦੀ ਗਿਣਤੀ ਵਿਚ ਸੰਗਤ ਪੁੱਜੀ। ਸੰਗਤ ਨੇ ਪਹਿਲਾਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਰਦਾਸ ਕੀਤੀ। ਨਗਰ ਕੀਰਤਨ ਦੇ ਸਭ ਤੋਂ ਅੱਗੇ ਛੋਟੇ ਸਕੂਲੀ ਬੱਚੇ, ਫਿਰ ਬੈਂਡ ਤੇ ਫਿਰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪਾਲਕੀ ਸਾਹਿਬ ਚੱਲ ਰਹੀ ਸੀ।

Advertisement

ਨਗਰ ਕੀਰਤਨ 20 ਨਵੰਬਰ ਨੂੰ ਫਰੀਦਕੋਟ ਜ਼ਿਲ੍ਹੇ ਤੋਂ ਸ਼ੁਰੂ ਹੋਇਆ ਸੀ ਅਤੇ ਇਹ ਜਗਰਾਉਂ ਰਾਹੀਂ ਲੁਧਿਆਣਾ ਵਿੱਚ ਲਗਪਗ ਦੇਰ ਰਾਤ 1:30 ਵਜੇ ਦਾਖ਼ਲ ਹੋਇਆ। ਇੱਥੇ ਸੰਤ ਲੱਖਾ ਸਿੰਘ, ਸਥਾਨਕ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਐੱਸ ਐੱਸ ਪੀ (ਦਿਹਾਤੀ) ਡਾ. ਅੰਕੁਰ ਗੁਪਤਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਲੁਧਿਆਣਾ ਦਿਹਾਤੀ ਪੁਲੀਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾ ਰਹੀ ਪਾਲਕੀ ਸਾਹਿਬ ਨੂੰ ਰਸਮੀ ‘ਗਾਰਡ ਆਫ ਆਨਰ’ ਦਿੱਤਾ, ਸੰਗਤ ਨੇ ਸ਼ਰਧਾ ਨਾਲ ਫੁੱਲਾਂ ਦੀ ਵਰਖਾ ਕੀਤੀ। ਇਹ ਅਲੌਕਿਕ ਨਗਰ ਕੀਰਤਨ ਕੁਝ ਘੰਟਿਆ ਲਈ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਰੁਕਿਆ। ਅੱਜ ਸਵੇਰੇ 10 ਵਜੇ ਦੇ ਕਰੀਬ ਨਗਰ ਕੀਰਤਨ ਨੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਆਪਣੀ ਯਾਤਰਾ ਦੁਬਾਰਾ ਸ਼ੁਰੂ ਕੀਤੀ। ਇੱਥੇ ਵੀ ਲੁਧਿਆਣਾ ਪੁਲੀਸ ਨੇ ਪਾਲਕੀ ਸਾਹਿਬ ਨੂੰ ਰਸਮੀ ‘ਗਾਰਡ ਆਫ ਆਨਰ’ ਦਿੱਤਾ। ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਅਤੇ ਮਦਨ ਲਾਲ ਬੱਗਾ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪ੍ਰਾਸ਼ਰ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ, ਐੱਸ ਡੀ ਐੱਮ ਜਸਲੀਨ ਕੌਰ ਭੁੱਲਰ ਨੇ ਅਰਦਾਸ ਕੀਤੀ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਏ।

ਨਗਰ ਕੀਰਤਨ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੋਇਆ 22 ਨਵੰਬਰ ਨੂੰ ਪਵਿੱਤਰ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਮਾਪਤ ਹੋਵੇਗਾ। ਉੱਥੇ ਸ਼ਹੀਦੀ ਪੁਰਬ ਲਈ ਮੁੱਖ ਯਾਦਗਾਰੀ ਸਮਾਗਮ 23 ਤੋਂ 25 ਨਵੰਬਰ ਤੱਕ ਪੰਜਾਬ ਸਰਕਾਰ ਵੱਲੋਂ ਵਿਸਤ੍ਰਿਤ ਪ੍ਰਬੰਧਾਂ ਹੇਠ ਕਰਵਾਏ ਜਾਣਗੇ। ਇਸ ਮੌਕੇ ਦੌਰਾਨ ਵਿਧਾਇਕ ਅਸ਼ੋਕ ਪ੍ਰਾਸ਼ਰ ਅਤੇ ਮਦਨ ਲਾਲ ਬੱਗਾ ਅਤੇ ਹੋਰਾਂ ਨੇ ਇਸ ਪਲ ਨੂੰ ਸੱਚਮੁੱਚ ਇਤਿਹਾਸਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਮਹਾਨ ਗੁਰੂ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਦੇਖਣ ਦਾ ਬਹੁਤ ਸੁਭਾਗ ਪ੍ਰਾਪਤ ਹੋਇਆ ਹੈ ਜਿਨ੍ਹਾਂ ਸਾਰੇ ਧਰਮਾਂ ਦੇ ਲੋਕਾਂ ਲਈ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਮਾਣ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਲਈ ਹਿੰਮਤ, ਸੱਚਾਈ ਅਤੇ ਵਿਸ਼ਵਵਿਆਪੀ ਭਾਈਚਾਰੇ ਦਾ ਮਾਰਗ ਰੌਸ਼ਨ ਕੀਤਾ। ਅੱਜ ਦੇ ਨੌਜਵਾਨਾਂ ਨੂੰ ਦਿਆਲਤਾ, ਇਮਾਨਦਾਰੀ ਅਤੇ ਨਿਰਸਵਾਰਥ ਸੇਵਾ ਦੇ ਉਨ੍ਹਾਂ ਦੇ ਸਦੀਵੀ ਮੁੱਲਾਂ ਨੂੰ ਅਪਣਾਉਣਾ ਚਾਹੀਦਾ ਹੈ।

ਇਸ ਦੌਰਾਨ ਸਾਰੇ ਰਸਤੇ ਵਿੱਚ, ਗਲੀਆਂ ਨੂੰ ਫੁੱਲਾਂ ਦੀ ਸਜਾਵਟ ਨਾਲ ਸਜਾਇਆ ਗਿਆ ਸੀ। ਸੰਗਤ ਨੇ ਉਤਸ਼ਾਹ ਨਾਲ ਸਵਾਗਤੀ ਸਟਾਲ ਲਗਾਏ ਅਤੇ ਪੂਰੀ ਸ਼ਰਧਾ ਨਾਲ ਲੰਗਰ ਦੀ ਸੇਵਾ ਕੀਤੀ।

 

ਵਿਧਾਇਕ ਵੱਲੋਂ ਨਗਰ ਕੀਰਤਨ ਦਾ ਸਵਾਗਤ

ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਵਿਧਾਇਕ ਦਲਜੀਤ ਸਿੰਘ ਗਰੇਵਾਲ। -ਫੋਟੋ: ਬਸਰਾ

ਲੁਧਿਆਣਾ (ਖੇਤਰੀ ਪ੍ਰਤੀਨਿਧ): ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਅੱਜ ਦੇਰ ਸ਼ਾਮ ਹਲਕਾ ਪੂਰਬੀ ਵਿੱਚ ਪਹੁੰਚਣ ’ਤੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਹ ਨਗਰ ਕੀਤਰਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਵੱਖ-ਵੱਖ ਇਲਾਕਿਆਂ ਚੋਂ ਹੁੰਦਾ ਹੋਇਆ ਹਲਕਾ ਪੂਰਵੀ ਦੇ ਜਲੰਧਰ ਬਾਈਪਾਸ ਸ਼ਿਵਪੁਰੀ ਬਸਤੀ ਯੋਧੇਵਾਲ ਤੋਂ ਹੁੰਦਾ ਹੋਇਆ ਸਮਰਾਲਾ ਚੌਕ ਵਿਖੇ ਪਹੁੰਚਿਆ, ਜਿੱਥੇ ਹਲਕਾ ਵਿਧਾਇਕ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਬਾਬਾ ਅਨਹਦਰਾਜ ਨਾਨਕਸਰ ਵਾਲੇ, ਸੁਰਿੰਦਰ ਮੈਦਾਨ, ਬਾਬੂ ਸ਼ਰਮਾ, ਕੌਂਸਲਰ ਜਗਦੀਸ਼ ਲਾਲ ਦੀਸ਼ਾ, ਕੌਂਸਲਰ ਨਿੱਧੀ ਗੁਪਤਾ, ਕੌਂਸਲਰ ਲਖਵਿੰਦਰ ਚੌਧਰੀ, ਕੌਂਸਲਰ ਅਨੂਜ ਚੌਧਰੀ, ਕੌਂਸਲਰ ਸੁਖਮੇਲ ਗਰੇਵਾਲ, ਕੌਂਸਲਰ ਅਸ਼ਵਨੀ ਸ਼ਰਮਾ, ਕੌਂਸਲਰ ਲਵਲੀ ਮਨੋਚਾ, ਕੌਂਸਲਰ ਅਮਰਜੀਤ ਸਿੰਘ, ਅਮਰ ਮਕੌੜੀ, ਇੰਦਰਪ੍ਰੀਤ, ਭੂਸ਼ਨ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤ ਹਾਜ਼ਰ ਸੀ।

Advertisement
Show comments