ਬਾਸਕਟਬਾਲ ’ਚ ਲੁਧਿਆਣਾ ਦੇ ਲੜਕਿਆਂ ਨੇ ਬਾਜ਼ੀ ਮਾਰੀ
69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਲੜਕੇ ਅੰਡਰ-19 ਦੀਆਂ ਟੀਮਾਂ ਦੇ ਬਾਸਕਟਬਾਲ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਮਾਲੇਰਕੋਟਲਾ ਦੀ ਟੀਮ ਨੂੰ ਹਰਾਇਆ। ਇਹ ਮੁਕਾਬਲੇ ਡੀਈਓ ਸੈਕੰਡਰੀ ਡਿੰਪਲ ਮਦਾਨ, ਡਿਪਟੀ ਡੀਈਓ ਅਮਨਦੀਪ ਸਿੰਘ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ ਦੀ ਅਗਵਾਈ ਹੇਠ ਅੱਜ ਤੋਂ ਸ਼ੁਰੂ ਹੋਏ। ਇਸ ਵਿੱਚ 23 ਜ਼ਿਲ੍ਹਿਆਂ ਦੀਆਂ ਬਾਸਕਟਬਾਲ ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਮੁਕਾਬਲੇ 13 ਨਵੰਬਰ ਤੱਕ ਚੱਲਣਗੇ। ਲੜਕਿਆਂ ਦੀਆਂ ਟੀਮਾਂ ਦਾ ਅੱਜ ਪਹਿਲਾ ਬਾਸਕਟਬਾਲ ਮੁਕਾਬਲਾ ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਟੀਮਾਂ ਵਿਚਕਾਰ ਹੋਇਆ। ਇਸ ਮੈਚ ’ਚ ਕਪੂਰਥਲਾ ਦੀ ਟੀਮ 33-16 ਅੰਕਾਂ ਨਾਲ ਜੇਤੂ ਰਹੀ। ਦੂਜੇ ਮੈਚ ਵਿੱਚ ਸ਼ਹੀਦ ਅਜੀਤ ਸਿੰਘ ਨਗਰ ਦੀ ਟੀਮ ਨੇ ਤਰਨ ਤਾਰਨ ਨੂੰ 58-24 ਨਾਲ, ਤੀਜੇ ਮੈਚ ’ਚ ਮੋਗਾ ਨੇ ਬਰਨਾਲਾ ਨੂੰ 59-55, ਜਲੰਧਰ ਨੇ ਗੁਰਦਾਸਪੁਰ ਨੂੰ 50-41, ਪੀਆਈਐਸ ਲੁਧਿਆਣਾ ਨੇ ਮਾਨਸਾ ਨੂੰ 52-27 ਨਾਲ, ਲੁਧਿਆਣਾ ਨੇ ਮਲੇਰਕੋਟਲਾ ਨੂੰ 52-11 ਅੰਕਾਂ ਨਾਲ ਹਰਾਇਆ।
