ਲੁਧਿਆਣਾ ਦੇ ਲੜਕਿਆਂ ਦੀ ਸਾਫਟਬਾਲ ਟੀਮ ਰਹੀ ਜੇਤੂ
69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੰਡਰ-19 ਲੜਕਿਆਂ ਦੇ ਸਾਫਟਬਾਲ ਦੇ ਮੁਕਾਬਲੇ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਡਿੰਪਲ ਮਦਾਨ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ ਅਤੇ ਗੇਮ ਕਨਵੀਨਰ ਰਵੀ ਦੱਤ ਦੀ ਦੇਖ-ਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ ਏ ਯੂ (ਪੰਜਾਬ ਖੇਤੀਬਾੜੀ ਯੂਨੀਵਰਸਿਟੀ) ਲੁਧਿਆਣਾ ਵਿੱਚ ਕਰਵਾਏ ਗਏ। ਅੱਜ ਫਾਈਨਲ ਖੇਡੇ ਗਏ। ਫਾਈਨਲ ਵਿੱਚ ਲੁਧਿਆਣਾ ਦੀ ਟੀਮ ਨੇ ਪਟਿਆਲਾ ਨੂੰ 8-0 ਦੇ ਸਕੋਰ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਅੰਮ੍ਰਿਤਸਰ ਦੀ ਟੀਮ ਨੇ ਫਾਜ਼ਿਲਕਾ ਨੂੰ 12-0 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਲੁਧਿਆਣਾ ਟੀਮ ਦੇ ਖਿਡਾਰੀਆਂ ਵਿੱਚੋਂ ਮਨੀਸ਼ ਕੁਮਾਰ, ਸੁਖਵੰਤ ਸਿੰਘ ਤੇ ਆਕਾਸ਼ ਕੁਮਾਰ ਨੇ ਸਾਰੇ ਟੂਰਨਾਮੈਂਟ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਆਪਣੀ ਟੀਮ ਨੂੰ ਖਿਤਾਬ ਤੱਕ ਪਹੁੰਚਾਇਆ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਸਾਬਾਦ ਦੇ ਪ੍ਰਿੰਸੀਪਲ ਰਾਜੇਸ਼ ਖੰਨਾ ਅਤੇ ਸਟੇਟ ਐਵਾਰਡੀ ਅਜੀਤ ਪਾਲ ਵੱਲੋਂ ਜੇਤੂ ਖਿਡਾਰੀਆਂ ਨੂੰ ਟਰਾਫੀ ਅਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ।
