ਲੁੁਧਿਆਣਾ ਵਿੱਚ ‘ਲੋਕ ਚੇਤਨਾ ਜਥਾ ਮਾਰਚ’ ਦਾ ਸਵਾਗਤ
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ‘ਲੋਕ ਚੇਤਨਾ ਜਥਾ ਮਾਰਚ’ ਦਾ ਅੱਜ ਇੱਥੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਹ ਜਥਾ ਹੁਸੈਨੀਵਾਲਾ ਤੋਂ 21 ਅਗਸਤ ਨੂੰ ਚਲਿਆ ਸੀ। ਅੱਜ ਐਮਬੀਡੀ ਮਾਲ ਦੇ ਸਾਹਮਣੇ ਪੁਲ ਥੱਲੇ ਜਥੇ ਦਾ ਸਵਾਗਤ ਕੀਤਾ ਗਿਆ। ਸੀਪੀਆਈ ਦੇ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿੱਚ ਹੋ ਰਹੇ 25ਵੇਂ ਕੌਮੀ ਮਹਾਂ ਸੰਮੇਲਨ ਦੇ ਸਬੰਧ ਵਿੱਚ ਸ਼ੁਰੂ ਹੋਏ ‘ਲੋਕ ਚੇਤਨਾ ਜਥਾ ਮਾਰਚ’ ਦੇ ਸਵਾਗਤ ਸਮੇਂ ਕੌਮੀ ਕੌਂਸਲ ਮੈਂਬਰ ਡਾ. ਅਰੁਣ ਮਿੱਤਰਾ ਨੇ ਜਥੇ ਦੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਜਦਕਿ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸ਼ਵਰੀ ਨੇ ਸੰਬੋਧਨ ਕਰਦਿਆਂ ਦੇਸ਼ ਦੇ ਮੌਜੂਦਾ ਹਾਲਾਤ ਬਾਰੇ ਵਿਸਥਾਰ ਨਾਲ ਜਾਨਣਾ ਪਾਇਆ। ਇਸ ਮੌਕੇ ਕਾਮਰੇਡ ਚਮਕੌਰ ਸਿੰਘ, ਵਿਜੈ ਕੁਮਾਰ, ਡਾ. ਰਜਿੰਦਰ ਪਾਲ ਸਿੰਘ ਔਲਖ, ਜਗਦੀਸ਼ ਰਾਏ ਬੋਬੀ, ਦੀਪਕ ਕੁਮਾਰ, ਨਰੇਸ਼ ਗੌੜ, ਐੱਮਐੱਸ ਭਾਟੀਆ, ਕੇਵਲ ਸਿੰਘ ਬਨਵੈਤ, ਡਾ: ਗੁਲਜ਼ਾਰ ਸਿੰਘ ਪੰਧੇਰ, ਕਾਮਰੇਡ ਭਰਪੂਰ ਸਿੰਘ ਨੇ ਸੰਬੋਧਨ ਕੀਤਾ। ਜਥਾ ਘੁਮਾਰ ਮੰਡੀ ਵਿੱਚ ਦੀ ਹੁੰਦਾ ਹੋਇਆ ਜਗਰਾਉਂ ਪੁੱਲ ਪੁੱਜਿਆ ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ਨੂੰ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ।
ਇਹ ਜਥਾ ਭਲਕੇ 27 ਅਗਸਤ ਨੂੰ ਸਵੇਰੇ 9 ਵਜੇ ਲੁਧਿਆਣਾ ਤੋਂ ਰਵਾਨਾ ਹੋ ਕੇ ਦੋਰਾਹਾ ਪਹੁੰਚੇਗਾ। ਉਸ ਤੋਂ ਬਾਅਦ ਪਿੰਡਾਂ ਵਿੱਚੋਂ ਹੁੰਦਾ ਹੋਇਆ ਮਲੌਦ ਪਹੁੰਚੇਗਾ ਜਿੱਥੇ ਵਿਸ਼ਾਲ ਰੈਲੀ ਕਰਨ ਉਪਰੰਤ 3 ਵਜੇ ਪਿੰਡ ਸਰਾਭਾ ਪਹੁੰਚੇਗਾ ਅਤੇ ਉੱਥੇ ਜੱਥੇ ਦੀ ਸਮਾਪਤੀ ਹੋਵੇਗੀ। ਇਸ ਜਥੇ ਦੀ ਅਗਵਾਈ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡੀਪੀ ਮੌੜ, ਸਹਾਇਕ ਸਕੱਤਰ ਕਾਮਰੇਡ ਚਮਕੌਰ ਸਿੰਘ ਤੇ ਸ਼ਹਿਰੀ ਸਕੱਤਰ ਕਾਮਰੇਡ ਐਮਐਸ ਭਾਟੀਆ ਕਰਨਗੇ। ਪਾਰਟੀ ਦੇ ਕੌਮੀ ਸਕੱਤਰੇਤ ਦੇ ਮੈਂਬਰ ਕਾਮਰੇਡ ਅਮਰਜੀਤ ਕੌਰ ਉਚੇਚੇ ਤੌਰ ਤੇ ਦਿੱਲੀ ਤੋਂ ਇਸ ਜੱਥੇ ਵਿੱਚ ਸ਼ਾਮਲ ਹੋਣਗੇ ਤੇ ਉਹ ਮਲੌਦ ਤੇ ਸਰਾਭਾ ਵਿਖੇ ਰੈਲੀਆਂ ਨੂੰ ਸੰਬੋਧਨ ਕਰਨਗੇ।