ਗਦਰੀ ਗੁਲਾਬ ਕੌਰ ਦੀ ਯਾਦ ’ਚ ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਅੱਜ
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਵਿਗਿਆਨਿਕ ਨਜ਼ਰੀਆ ਵਿਕਸਤ ਕਰਨ ਹਿਤ ਸ਼ੁਰੂ ਕੀਤੀ ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ, ਲੁਧਿਆਣਾ ਇਕਾਈ ਵੱਲੋਂ 6 ਅਕਤੂਬਰ ਨੂੰ ਲਈ ਜਾ ਰਹੀ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਚੋਣਵੇਂ ਸਕੂਲਾਂ ਵਿੱਚ ਲਈ ਜਾ ਰਹੀ ਇਸ ਪ੍ਰੀਖਿਆ ਦਾ ਸਲੇਬਸ 3 ਮਹੀਨੇ ਪਹਿਲਾਂ ਹੀ ਸਬੰਧਤ ਸਕੂਲਾਂ ਵਿੱਚ ਪਹੁੰਚਾਇਆ ਜਾ ਚੁੱਕਾ ਹੈ, ਜੋ ਕਿ ਇਸ ਵਾਰ ਗਦਰੀ ਗੁਲਾਬ ਕੌਰ ਨੂੰ ਸਮਰਪਿਤ ਕੀਤੀ ਗਈ ਹੈ। ਇਸ ਪ੍ਰੀਖਿਆ ਲਈ ਵਿਦਿਆਰਥੀਆਂ ਦੀ ਦੋ ਗਰੁੱਪਾਂ ਵਿੱਚ ਵੰਡ ਕੀਤੀ ਗਈ ਹੈ ਜਿਸ ਵਿੱਚ 6ਵੀਂ ਤੋਂ 8ਵੀਂ ਅਤੇ 9 ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਸ਼ਾਮਲ ਹੋ ਰਹੇ ਹਨ। ਸੁਸਾਇਟੀ ਦੇ ਜ਼ੋਨ ਲੁਧਿਆਣਾ ਦੇ ਜਥੇਬੰਦਕ ਮੁਖੀ ਜਸਵੰਤ ਜ਼ੀਰਖ ਨੇ ਦੱਸਿਆ ਕਿ ਲੁਧਿਆਣਾ ਜ਼ੋਨ ਦੀਆਂ ਇਕਾਈਆਂ ਜਗਰਾਉਂ, ਸੁਧਾਰ, ਮਾਲੇਰਕੋਟਲਾ, ਕੋਹਾੜਾ ਤੇ ਲੁਧਿਆਣਾ ਵੱਲੋਂ ਆਪਣੇ ਖੇਤਰਾਂ ਵਿੱਚ ਵੱਖ ਵੱਖ ਸੈਂਟਰ ਬਣਾਏ ਹੋਏ ਹਨ, ਜਿਨ੍ਹਾਂ ਵਿੱਚ ਇਹ ਪ੍ਰੀਖਿਆ ਹੋ ਰਹੀ ਹੈ।ਤਰਕਸ਼ੀਲ ਮੈਂਬਰਾਂ ਦੀਆਂ ਟੀਮਾਂ ਤਹਿਸ਼ੁਦਾ ਪ੍ਰੋਗਰਾਮ ਅਨੂਸਾਰ ਇਸ ਪ੍ਰੀਖਿਆ ਨੂੰ ਨੇਪਰੇ ਚਾੜ੍ਹਨ ਲਈ ਸਰਗਰਮੀ ਨਾਲ ਜੁਟੀਆਂ ਹੋਈਆਂ ਹਨ। ਵਿਦਿਆਰਥੀਆਂ ਨੂੰ ਅੰਧਵਿਸ਼ਵਾਸੀ ਵਿਚਾਰਾਂ ’ਚੋਂ ਮੁਕਤ ਕਰਕੇ ਉਨ੍ਹਾਂ ਨੂੰ ਵਿਗਿਆਨਿਕ ਨਜ਼ਰੀਏ ਅਨੁਸਾਰ ਵਿਚਾਰਨ ਲਈ ਇਹ ਪ੍ਰੀਖਿਆ ਬਹੁਤ ਹੀ ਕਾਰਗਰ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਇਸ ਪ੍ਰੀਖਿਆ ਲਈ ਬਹੁਤ ਉਤਸ਼ਾਹ ਵਿਖਾ ਰਹੇ ਹਨ।