ਪੈਨਸ਼ਨਰਾਂ ਲਈ ਲਾਈਫ ਸਰਟੀਫ਼ਿਕੇਟ ਕੈਂਪ ਲਾਇਆ
ਇਥੇ ਦੂਰਸੰਚਾਰ ਵਿਭਾਗ ਦੇ ਅਧੀਨ ਪੰਜਾਬ ਰਾਜ ਦੇ ਫੀਲਡ ਦਫ਼ਤਰ, ਪੰਜਾਬ ਟੈਲੀਕੌਮ ਸਰਕਲ, ਚੰਡੀਗੜ੍ਹ ਦੇ ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਊਂਟਸ (ਸੀ ਸੀ ਏ) ਦੇ ਦਫ਼ਤਰ ਵੱਲੋਂ ਬੱਚਤ ਭਵਨ, ਲੁਧਿਆਣਾ ਵਿੱਚ ਲਾਈਫ ਸਰਟੀਫਿਕੇਟ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਅਤੇ ਪ੍ਰਧਾਨਗੀ ਸੀ ਸੀ ਏ ਦੇ ਕੰਟਰੋਲਰ ਵੀ ਐੱਨ ਟੰਡਨ ਨੇ ਕੀਤੀ। ਉਦਘਾਟਨੀ ਭਾਸ਼ਣ ਵਿੱਚ ਸ੍ਰੀ ਟੰਡਨ ਨੇ ਪੈਨਸ਼ਨਰਾਂ ਨੂੰ ਭਰੋਸਾ ਦਿੱਤਾ ਕਿ ਅਜਿਹੇ ਆਊਟਰੀਚ ਅਤੇ ਸੇਵਾ ਕੈਂਪ ਅੱਗੇ ਤੋਂ ਵੀ ਲਾਏ ਜਾਂਦੇ ਰਹਿਣਗੇ ਤਾਂ ਜੋ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਪੈਨਸ਼ਨਰਾਂ ਦੇ ਘਰਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾ ਸਕੇ। ਸ੍ਰੀ ਟੰਡਨ ਵੱਲੋਂ ਬਜ਼ੁਰਗ ਨਾਗਰਿਕਾਂ ਨਾਲ ਆਨਲਾਈਨ ਧੋਖਾਧੜੀਆਂ ਅਤੇ ਘੁਟਾਲਿਆਂ ਦੇ ਮੱਦੇਨਜ਼ਰ, ਪੈਨਸ਼ਨਰਾਂ ਨੂੰ ਸੁਰੱਖਿਅਤ ਡਿਜੀਟਲ ਬੈਂਕਿੰਗ ਅਭਿਆਸਾਂ, ਮੋਬਾਈਲ ਬੈਂਕਿੰਗ ਦੀ ਸੁਰੱਖਿਅਤ ਵਰਤੋਂ ਅਤੇ ਸਾਈਬਰ ਧੋਖਾਧੜੀਆਂ ਦੀ ਰੋਕਥਾਮ ਬਾਰੇ ਵੀ ਜਾਗਰੂਕ ਕੀਤਾ ਗਿਆ।
ਕੈਂਪ ਦੌਰਾਨ ਡਾ. ਮਨਦੀਪ ਸਿੰਘ ਨੇ ਲਾਈਫ਼ ਸਰਟੀਫਿਕੇਟ (ਐੱਲ ਸੀ ) ਸਮੇਂ ਸਿਰ ਜਮ੍ਹਾਂ ਕਰਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਡਾ. ਸਿੰਘ ਨੇ ਪੈਨਸ਼ਨਰਾਂ ਨੂੰ ਡਿਜੀਟਲ ਅਤੇ ਸਾਈਬਰ ਧੋਖਾਧੜੀ ਦੀਆਂ ਵਧਦੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੂੰ ਸੁਚੇਤ ਰਹਿਣ ਅਤੇ ਅਣਜਾਣ ਫੋਨ ਕਾਲ ਜਾਂ ਵੈੱਬਸਾਈਟਾਂ ਨਾਲ ਨਿੱਜੀ ਜਾਂ ਬੈਂਕਿੰਗ ਵੇਰਵੇ ਸਾਂਝੇ ਨਾ ਕਰਨ ਦੀ ਅਪੀਲ ਕੀਤੀ।
