ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਲਆਈਸੀ ਪੈਨਸ਼ਨਰਾਂ ਵੱਲੋਂ ਮੰਗਾਂ ਦੇ ਹੱਕ ’ਚ ਮੁਜ਼ਾਹਰਾ

ਐੱਲਆਈਸੀ ਮੁਲਾਜ਼ਮ ਵੀ ਹੋਏ ਮੁਜ਼ਾਹਰੇ ਵਿੱਚ ਸਾਮਲ
Advertisement

ਗੁਰਿੰਦਰ ਸਿੰਘ

ਲੁਧਿਆਣਾ, 5 ਜੁਲਾਈ

Advertisement

ਆਲ ਇੰਡੀਆ ਇੰਸ਼ੋਰੈਂਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੱਦੇ ’ਤੇ, ਐਲਆਈਸੀ ਦੇ ਸੇਵਾਮੁਕਤ ਪੈਨਸ਼ਨਰਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋਸ ਮੁਜ਼ਾਹਰਾ ਕੀਤਾ ਅਤੇ ਬੀਮਾ ਪ੍ਰਬੰਧਕਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਦੁੱਗਰੀ ਸਥਿਤ ਐੱਲਆਈਸੀ ਡਿਵੀਜ਼ਨਲ ਦਫ਼ਤਰ ਬਾਹਰ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਉਨ੍ਹਾਂ ਮੰਗਾਂ ਸਬੰਧੀ ਨਾਅਰੇ ਲਿਖੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਇਸ ਮੌਕੇ ਲੁਧਿਆਣਾ ਐੱਲਆਈਸੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਕੱਤਰ ਐੱਨਐੱਸ ਕਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਾਰਨ ਪੈਨਸ਼ਨਰਾਂ ਵਿੱਚ ਗੁੱਸਾ ਹੈ।

ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨ ਨੂੰ ਸਮੇਂ-ਸਮੇਂ ’ਤੇ ਅਪਡੇਟ ਕੀਤਾ ਜਾਵੇ, 20 ਸਾਲ ਪੂਰੇ ਹੋਣ ’ਤੇ ਪੂਰੀ ਪੈਨਸ਼ਨ ਲਾਗੂ ਕੀਤੀ ਜਾਵੇ, ਨਕਦ ਡਾਕਟਰੀ ਲਾਭਾਂ ਦਾ ਭੁਗਤਾਨ ਅਤੇ ਮੈਡੀਕਲੇਮ ਸਕੀਮ ਵਿੱਚ ਸੁਧਾਰ ਕੀਤਾ ਜਾਵੇ, ਅਗਸਤ 1997 ਤੋਂ ਪਹਿਲਾਂ ਦੇ ਪੈਨਸ਼ਨਰਾਂ ਲਈ ਮਹਿੰਗਾਈ ਭੱਤਾ ਇਕਸਾਰ ਕੀਤਾ ਜਾਵੇ ਅਤੇ ਹੋਰ ਮਸਲੇ ਹੱਲ ਕੀਤੇ ਜਾਣ।

ਇਸ ਮੌਕੇ ਨਾਰਦਰਨ ਜ਼ੋਨ ਇੰਸ਼ੋਰੈਂਸ ਐਂਪਲਾਈਜ਼ ਐਸੋਸੀਏਸ਼ਨ ਅਤੇ ਲੁਧਿਆਣਾ ਮੰਡਲ ਕਮੇਟੀ ਦੇ ਡਿਵੀਜ਼ਨਲ ਸਕੱਤਰ ਮਾਨ ਸਿੰਘ ਨੇ ਕਿਹਾ ਕਿ ਵਰਤਮਾਨ ਕਰਮਚਾਰੀਆਂ ਨੇ ਪੈਨਸ਼ਨਰਾਂ ਦੀ ਹੜਤਾਲ ਦਾ ਸਮਰਥਨ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਸਵੀਕਾਰ ਕੀਤਾ ਜਾਵੇ ਕਿਉਂਕਿ ਇਨ੍ਹਾਂ ਪੈਨਸ਼ਨਰਾਂ ਨੇ ਆਪਣੇ ਕਾਰਜਕਾਲ ਦੌਰਾਨ ਨਾ ਸਿਰਫ਼ ਐਲਆਈਸੀ ਵਿੱਚ ਸਗੋਂ ਰਾਸ਼ਟਰ ਨਿਰਮਾਣ ਵਿੱਚ ਵੀ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਦੇ ਅਨੁਸਾਰ, ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਪੈਨਸ਼ਨਰਾਂ ਦੀ ਸਮਾਜਿਕ ਸੁਰੱਖਿਆ ਨੂੰ ਵਧਾਉਣ ਵੱਲ ਧਿਆਨ ਦਿੱਤਾ ਜਾਵੇ।

ਮਹਿਲਾ ਵਰਕਿੰਗ ਕਮੇਟੀ ਦੀ ਜ਼ੋਨਲ ਕਨਵੀਨਰ, ਰਿਤੂ ਅਬਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੰਮਕਾਜੀ ਔਰਤਾਂ ਘਰ ਦੇ ਨਾਲ-ਨਾਲ ਦਫ਼ਤਰ ਵਿੱਚ ਵੀ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਵਧੀਆ ਢੰਗ ਨਾਲ ਨਿਭਾ ਰਹੀਆਂ ਹਨ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਰਾਸ਼ਟਰ ਨਿਰਮਾਣ ਵਿੱਚ ਵੀ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਮੰਗਾਂ ਨੂੰ ਜਲਦੀ ਤੋਂ ਜਲਦੀ ਸਵੀਕਾਰ ਕਰਕੇ ਲਾਗੂ ਕਰੇ। ਇਸ ਮੌਕੇ ਐਲਆਈਸੀ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਤੋਂ ਇਲਾਵਾ ਅਸ਼ੋਕ ਮਦਾਨ, ਕੇਕੇ ਸ਼ਰਮਾ ਅਤੇ ਮਹਿਲਾ ਪੈਨਸ਼ਨਰਾਂ ਨੇ ਵੀ ਹੜਤਾਲ ਵਿੱਚ ਹਿੱਸਾ ਲਿਆ।

Advertisement