ਵਾਰਿਸ ਪੰਜਾਬ ਦੇ ਵੱਲੋਂ ਕਾਨੂੰਨੀ ਵਿੰਗ ਕਾਇਮ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਜੂਨ
‘ਵਾਰਿਸ ਪੰਜਾਬ ਦੇ’ ਦੇ ਆਗੂਆਂ ਨੇ ਅੱਜ ਇਥੇ ਮੀਟਿੰਗ ਦੌਰਾਨ ਕਾਨੂੰਨੀ ਵਿੰਗ ਸਥਾਪਿਤ ਕੀਤਾ ਹੈ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਕੀਲ ਸਾਹਿਬਾਨ ਨੂੰ ਸ਼ਾਮਲ ਕੀਤਾ ਜਾਵੇਗਾ ਜੋਂ ਪਾਰਟੀ ਵਰਕਰਾਂ ਨੂੰ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਉਣਗੇ। ਅੱਜ ਇਥੇ ਹੋਈ ਜਥੇਬੰਦੀ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸੀਨੀਅਰ ਐਡਵੋਕੇਟ ਆਰਐਸ ਬੈਂਸ ਦੀ ਅਗਵਾਈ ਹੇਠ ਕਾਨੂੰਨੀ ਵਿੰਗ ਸਥਾਪਤ ਕੀਤਾ ਗਿਆ। ਇਸ ਮੌਕੇ ਬਾਬੂ ਸਿੰਘ ਬਰਾੜ ਮੈਂਬਰ ਸੰਗਠਨ ਕਮੇਟੀ ਨੇ ਦੱਸਿਆ ਕਿ ਪਾਰਟੀ ਨੂੰ ਕਾਨੂੰਨੀ ਵਿੰਗ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਸਰਕਾਰ ਵੱਲੋਂ ਵਰਕਰਾਂ ਨੂੰ ਬਿਨਾਂ ਕਾਰਨ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਰਮਜੀਤ ਸਿੰਘ ਜੌਹਲ ਨੇ ਕਿਹਾ ਕਿ ਕਾਨੂੰਨੀ ਵਿੰਗ ਵੱਲੋਂ ਵਰਕਰਾਂ ਦੀ ਹਰ ਸੰਭਵ ਕਾਨੂੰਨੀ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਐਡਵੋਕੇਟ ਆਰਐਸ ਬੈਂਸ ਨੇ ਕਿਹਾ ਕਿ ਸੂਬਾ ਪੱਧਰ ਤੇ ਕਾਨੂੰਨੀ ਵਿੰਗ ਦਾ ਗਠਨ ਕਰਕੇ ਜ਼ਿਲ੍ਹਾ ਪੱਧਰ ਤੇ ਕਾਨੂੰਨੀ ਵਿੰਗ ਸਥਾਪਿਤ ਕੀਤੇ ਜਾਣਗੇ ਤਾਂ ਜੋ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਅਕਾਲੀ ਆਗੂ ਜਸਕਰਨ ਸਿੰਘ ਕਾਹਨ ਸਿੰਘਵਾਲਾ ਨੇ ਕਿਹਾ ਕਿ ਪਾਰਟੀ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਨਾਂ ਦੀ ਪੈਰਵਾਈ ਕਰਨਾ ਪਾਰਟੀ ਦੀ ਜ਼ਿੰਮੇਵਾਰੀ ਹੈ। ਜਸਵੰਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ ਵਰਕਰਾਂ ਨੂੰ ਬਿਨਾਂ ਕਾਰਨ ਝੂਠੇ ਮਾਮਲਿਆਂ ਵਿੱਚ ਉਲਝਾਇਆ ਜਾ ਰਿਹਾ ਹੈ ਜਿਨਾਂ ਦੀ ਮਦਦ ਕਰਨ ਲਈ ਕਾਨੂੰਨੀ ਵਿੰਗ ਸਥਾਪਿਤ ਕੀਤਾ ਗਿਆ ਹੈ। ਐਡਵੋਕੇਟ ਗੁਰਜੋਤ ਸਿੰਘ ਨੇ ਕਿਹਾ ਕਿ ਵਿੰਗ ਵਿੱਚ ਵਕੀਲ ਭਾਈਚਾਰੇ ਵੱਲੋਂ ਨਿਸ਼ਕਾਮ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਵਕੀਲ ਭਾਈਚਾਰਾ ਜੱਥੇਬੰਦੀ ਨਾਲ ਜੁੜ ਰਿਹਾ ਹੈ ਅਤੇ ਨੌਜਵਾਨ ਵਕੀਲ ਆਪਣੀਆਂ ਸੇਵਾਵਾਂ ਦੇ ਰਹੇ ਹਨ। ਮੀਟਿੰਗ ਵਿੱਚ ਸੁਖਚੈਨ ਸਿੰਘ, ਅਮਰਜੀਤ ਸਿੰਘ ਵਿਨਝੜੀ, ਹਰਭਜਨ ਸਿੰਘ ਤੁੜ, ਪ੍ਰਗਟ ਸਿੰਘ, ਪ੍ਰਿਥੀਪਾਲ ਸਿੰਘ ਬਟਾਲਾ, ਰਜਿੰਦਰ ਸਿੰਘ ਜਵੱਦੀ ਅਤੇ ਕਮਲਪ੍ਰੀਤ ਸਿੰਘ ਵੀ ਹਾਜ਼ਰ ਸਨ।