ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਏ ਐੱਸ ਕਾਲਜ ਵਿੱਚ ਲੈਕਚਰ
ਇੱਥੋਂ ਦੇ ਏ ਐੱਸ ਕਾਲਜ ਆਫ ਐਜੂਕੇਸ਼ਨ ਵਿੱਚ ਐੱਨ ਐੱਸ ਐੱਸ ਯੂਨਿਟ ਵੱਲੋਂ ਡਾ. ਪਵਨ ਕੁਮਾਰ ਪ੍ਰਿੰਸੀਪਲ ਦੀ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਅਭਿਆਨ ’ਤੇ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ। ਡਾ. ਸ਼ਿਲਪੀ ਅਰੋੜਾ ਪ੍ਰੋਗਰਾਮ ਅਫ਼ਸਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਮਾਗਮ ਦੇ ਉਦੇਸ਼ ’ਤੇ ਚਾਨਣਾ ਪਾਇਆ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਸਵੀਰ ਸਿੰਘ ਆਲ ਇੰਡੀਆ ਨਸ਼ਾ ਮੁਕਤੀ ਚੇਤਨਾ ਸੰਘ ਅਤੇ ਸੁਬੋਧ ਮਿੱਤਲ ਨੇ ਭਾਰਤ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ, ਜਿਸ ’ਚ ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ਦੇ ਅਸਲ ਕਾਰਨਾਂ ਨੂੰ ਉਜਾਗਰ ਕੀਤਾ ਗਿਆ। ਉਨ੍ਹਾਂ ਮੌਜੂਦਾ ਦ੍ਰਿਸ਼ ਤੇ ਮੌਜੂਦਾ ਨੌਜਵਾਨ ਸੋਚ ਦੇ ਤੱਥ ਵੀ ਪੇਸ਼ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਦੀਆਂ ਰਵਾਇਤੀ ਕਦਰਾਂ-ਕੀਮਤਾਂ ਤੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਮਿਲ ਕੇ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਲਿਆ। ਮਿੱਤਲ ਨੇ ਵਿਦਿਆਰਥੀਆਂ ਨੂੰ ਦੇਸ਼ ਭਗਤਾਂ ਦੀ ਫੌਜ ਬਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਦੂਜਿਆਂ ਨੂੰ ਪ੍ਰੇਰਿਤ ਕਰਕੇ ਸਾਡੇ ਦੇਸ਼ ਨੂੰ ਨਸ਼ਾ ਤੋਂ ਬਚਾਇਆ ਜਾ ਸਕੇ। ਪ੍ਰਿੰਸੀਪਲ ਡਾ. ਪਵਨ ਕੁਮਾਰ ਨੇ ਆਏ ਮਹਿਮਾਨਾਂ ਵੱਲੋਂ ਦਿੱਤੀ ਵਡਮੁੱਲੀ ਜਾਣਕਾਰੀ ਲਈ ਧੰਨਵਾਦ ਕਰਦਿਆਂ ਬੂਟੇ ਦੇ ਕੇ ਸਨਮਾਨਿਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਰਾਜੇਸ਼ ਡਾਲੀ, ਨਵੀਨ ਥੰਮਨ ਐਡਵੋਕੇਟ, ਜਤਿੰਦਰ ਦੇਵਗਨ ਨੇ ਕਾਲਜ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।