ਲੈਂਡ ਪੂਲਿੰਗ: ਜੋਧਾਂ ਤੋਂ ਟਰੈਕਟਰ ਮਾਰਚ ਆਰੰਭਣ ਦੀ ਵਿਉਂਤਬੰਦੀ
ਕਸਬਾ ਜੋਧਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਚ ਉਪਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਸਾਂਝੀ ਮੀਟਿੰਗ ਵਿੱਚ 30 ਜੁਲਾਈ ਨੂੰ ਲੈਂਡ ਪੂਲਿੰਗ ਨੀਤੀ ਵਿਰੁੱਧ ਟਰੈਕਟਰ ਮਾਰਚ ਦੀ ਪੂਰੀ ਵਿਉਂਤਬੰਦੀ ਕਰ ਲਈ ਗਈ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਸਬਾ ਜੋਧਾਂ ਦੀ ਦਾਣਾ ਮੰਡੀ ਤੋਂ ਦਾਖਾ, ਕੂੰਮਕਲਾਂ ਅਤੇ ਕਸਬਾ ਕੋਹਾੜਾ ਦੇ ਨੇੜਲੇ ਪ੍ਰਭਾਵਿਤ ਪਿੰਡਾਂ ਵਿੱਚ ਟਰੈਕਟਰ ਮਾਰਚ ਕਰ ਕੇ ਸਰਕਾਰ ਨੂੰ ਇਸ ਨੀਤੀ ਵਿਰੁੱਧ ਕਿਸਾਨਾਂ ਦਾ ਸੁਨੇਹਾ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਅਧਿਕਾਰੀ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਪਿੰਡ ਵਿੱਚ ਫੇਰੀ ਪਾਉਣ ਲੱਗੇ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਦੇ ਖੇਤੀ ਧੰਦੇ ਤੋਂ ਬਾਹਰ ਹੋਣ ਨਾਲ ਖਾਦ ਪਦਾਰਥਾਂ ਦੀ ਮਹਿੰਗਾਈ ਕਾਰਨ ਭੁੱਖਮਰੀ ਫੈਲਣ ਦਾ ਖ਼ਤਰਾ ਬਣ ਜਾਵੇਗਾ। ਉਨ੍ਹਾਂ ਜ਼ਮੀਨਾਂ ਦੀ ਰਾਖੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਦਾ ਅਹਿਦ ਦੁਹਰਾਇਆ। ਜਮਹੂਰੀ ਕਿਸਾਨ ਸਭਾ ਦੇ ਰਘਵੀਰ ਸਿੰਘ ਬੈਨੀਪਾਲ, ਭਾਕਿਯੂ (ਉਗਰਾਹਾਂ) ਦੇ ਸੁਦਾਗਰ ਸਿੰਘ ਘੁਡਾਣੀ, ਆਲ ਇੰਡੀਆ ਕਿਸਾਨ ਸਭਾ (1936) ਦੇ ਚਮਕੌਰ ਸਿੰਘ ਬਰ੍ਹਮੀ, ਭਾਕਿਯੂ (ਡਕੌਂਦਾ) ਦੇ ਅਜੀਤ ਸਿੰਘ ਧਾਦਰਾਂ, ਭਾਕਿਯੂ (ਬੁਰਜ ਗਿੱਲ) ਦੇ ਕੁਲਵਿੰਦਰ ਸਿੰਘ ਛੋਕਰਾਂ, ਸਾਬਕਾ ਵਿਧਾਇਕ ਤਰਸੇਮ ਜੋਧਾਂ, ਭਾਕਿਯੂ (ਸਿੱਧੂਪੁਰ) ਦੇ ਕਰਮਜੀਤ ਸਿੰਘ ਕੋਟਆਗਾ ਨੇ ਸੰਬੋਧਨ ਕੀਤਾ। ਜੋਧਾਂ ਤੋ ਇਲਾਵਾ ਖੰਡੂਰ, ਬੱਲੋਵਾਲ, ਢੈਪਈ, ਰੁੜਕਾ ਆਦਿ ਪਿੰਡਾਂ ਵਿੱਚ ਵੀ ਮੀਟਿੰਗਾਂ ਕਰਕੇ ਟਰੈਕਟਰ ਮਾਰਚ ਦੀ ਸਫ਼ਲਤਾ ਲਈ ਅਪੀਲ ਕੀਤੀ।