ਲੈਂਡ ਪੂਲਿੰਗ: ਇਕ ਇੰਚ ਜ਼ਮੀਨ ਵੀ ਨਾ ਦੇਣ ਦਾ ਅਹਿਦ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 30 ਜੁਲਾਈ ਦੇ ਟਰੈਕਟਰ ਮਾਰਚ ਦੀ ਤਿਆਰੀ ਸਬੰਧੀ ਕਿਸਾਨ ਜਥੇਬੰਦੀਆਂ ਦੀ ਵਿਸ਼ੇਸ਼ ਮੀਟਿੰਗ ਅੱਜ ਇਥੇ ਹੋਈ। ਇਸ ਵਿੱਚ ਕਿਸਾਨ ਆਗੂਆਂ ਅਤੇ ਪੀੜਤ ਕਿਸਾਨਾਂ ਨੇ ਅਹਿਦ ਲਿਆ ਕਿ ਲੈਂਡ ਪੂਲਿੰਗ ਨੀਤੀ ਤਹਿਤ ਇਕ ਇੰਚ ਜ਼ਮੀਨ ਵੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੈਸੇ ਤਾਂ ਇਕ ਵੀ ਕਿਸਾਨ ਇਹ ਜ਼ਮੀਨ ਦੇਣ ਲਈ ਰਾਜ਼ੀ ਨਹੀਂ ਅਤੇ ਸਾਰੇ ਕਿਸਾਨ ਇਕਜੁੱਟ ਹਨ। ਪਰ ਫੇਰ ਵੀ ਜੇਕਰ ਕਿਸੇ ਕਿਸਾਨ ਨੇ ਕਿਸੇ ਵੀ ਦਬਾਅ ਜਾਂ ਹੋਰ ਕਿਸੇ ਕਾਰਨ ਅਜਿਹਾ ਕੀਤਾ ਤਾਂ ਉਸਦਾ ਬਾਈਕਾਟ ਹੋਵੇਗਾ। ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਹੋਈ ਵਿੱਚ ਸੂਬਾਈ ਮੀਤ ਪ੍ਰਧਾਨ ਰਾਜਵੀਰ ਸਿੰਘ ਘੁਡਾਣੀ ਉਚੇਚੇ ਤੌਰ 'ਤੇ ਸ਼ਾਮਲ ਹੋਏ। ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨ ਮਾਰੂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਸੰਘਰਸ਼ ਦੀ ਰਣਨੀਤੀ ਸਬੰਧੀ ਡੂੰਘੀਆਂ ਵਿਚਾਰਾਂ ਕੀਤੀਆ ਗਈਆਂ।
ਕਿਸਾਨ ਆਗੂਆਂ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਕਿਸਾਨ-ਮਾਰੂ ਹੈ ਅਤੇ ਪੰਜਾਬ ਸਰਕਾਰ ਵਾਰ-ਵਾਰ ਵਾਅਦਾ ਖ਼ਿਲਾਫ਼ੀ ਕਰਦੀ ਹੈਂ ਕਿਉਂਕਿ ਬੱਲੋਵਾਲ ਤੋਂ ਬਠਿੰਡਾ ਹਾਈਵੇਅ ਅਧੀਨ ਬਿਨਾਂ ਮੁਆਵਜ਼ਾ ਦਿੱਤੇ ਧੱਕੇ ਨਾਲ ਕਿਸਾਨਾਂ ਦੀਆ ਜ਼ਮੀਨਾਂ ਐਕੁਆਇਰ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਏਡੀਸੀ ਜਗਰਾਉਂ ਨੂੰ ਮਿਲਕੇ ਚਿਤਾਵਨੀ ਦਿੱਤੀ ਗਈ ਕਿ ਮੰਡੀਆਂ ਵਿੱਚ ਮੂੰਗੀ, ਮੱਕੀ ਦੀ ਫ਼ਸਲ ਰੁਲ ਰਹੀ ਹੈ ਅਤੇ ਦੂਸਰੇ ਪਾਸੇ ਕਿਸਾਨਾਂ ਦੇ ਝੋਨੇ ਦੀ ਫ਼ਸਲ ਲੱਗੀ ਨੂੰ ਲਗਭਗ 35 ਦਿਨ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਯੂਰੀਆ ਤੇ ਡੀਏਪੀ ਖਾਦ ਨਹੀਂ ਮਿਲ ਰਹੀਂ। ਪਿਛਲੇ ਦਿਨੀਂ ਬਰਸਾਤ ਨਾਲ ਫ਼ਸਲਾਂ ਦੇ ਭਾਰੀ ਨੁਕਸਾਨ ਦੇ ਬਾਵਜੂਦ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ। ਇਸ ਦੌਰਾਨ ਉਨ੍ਹਾਂ ਸੰਯੁਕਤ ਮੋਰਚੇ ਦੇ ਸੱਦੇ ਅਨੁਸਾਰ 30 ਜੁਲਾਈ ਦੇ ਟਰੈਕਟਰ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਮਨਜਿੰਦਰ ਸਿੰਘ ਮੋਰਕਰੀਮਾਂ, ਬਲਵਿੰਦਰ ਸਿੰਘ ਕਮਾਲਪੁਰਾ, ਬਚਿੱਤਰ ਸਿੰਘ ਜਨੇਤਪੁਰਾ, ਸਤਿਬੀਰ ਸਿੰਘ ਬੋਪਾਰਾਏ, ਸ਼ਿੰਦਰਪਾਲ ਸਿੰਘ ਢਿੱਲੋਂ, ਸੁਖਦੇਵ ਸਿੰਘ ਲਹਿਲ, ਗਗਨਦੀਪ ਸਿੰਘ ਪਮਾਲੀ, ਕੁਲਵਿੰਦਰ ਸਿੰਘ ਛੋਕਰਾਂ, ਜਗਤਾਰ ਸਿੰਘ ਐਤੀਆਣਾ, ਜੰਗੀਰ ਸਿੰਘ ਲੀਹਾਂ, ਹਰਜੀਤ ਸਿੰਘ ਜਨੇਤਪੁਰਾ, ਜਗਤਾਰ ਸਿੰਘ ਸਿਆੜ, ਹਰਚੰਦ ਸਿੰਘ ਢੋਲਣ, ਕੁਲਦੀਪ ਸਿੰਘ ਕਾਉਂਕੇ, ਸੁਖਦੇਵ ਸਿੰਘ ਦੇਹੜਕਾ, ਅਰਜਨ ਸਿੰਘ ਸ਼ੇਰਪੁਰ ਕਲਾਂ, ਸਵਰਨ ਸਿੰਘ ਮਲਕ, ਸਾਧੂ ਸਿੰਘ ਲੱਖਾ, ਧਰਮ ਸਿੰਘ ਸੂਜਾਪੁਰ ਤੇ ਹੋਰ ਸ਼ਾਮਲ ਸਨ।