ਦੋ ਘਰਾਂ ਦੇ ਤਾਲੇ ਤੋੜ ਕੇ ਲੱਖਾਂ ਦੀ ਚੋਰੀ
ਅਣਪਛਾਤੇ ਵਿਅਕਤੀ ਦੋ ਘਰਾਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਲੈ ਗਏ। ਥਾਣਾ ਸਦਰ ਦੇ ਇਲਾਕੇ ਵਿੱਚ ਪੈਂਦੇ ਪਿੰਡ ਦਾਦ ਸਥਿਤ ਬਸੰਤ ਸਿਟੀ ਵਾਸੀ ਗੁਰਦੀਪ ਸਿੰਘ ਵਿਰਕ ਤੇ ਪਹਿਲੀ ਮੰਜ਼ਿਲ ’ਤੇ ਮਨਜੀਤ ਸਿੰਘ ਪਰਿਵਾਰ ਸਮੇਤ ਰਹਿੰਦਾ ਹੈ। ਉਹ ਪਿੰਡ ਸ਼ਿਵਾਨਾ (ਹਰਿਆਣਾ) ਚਲਾ ਗਿਆ ਸੀ। ਦੋ ਦਿਨ ਬਾਅਦ ਉਹ ਘਰ ਵਾਪਸ ਆਇਆ ਤਾਂ ਪਤਾ ਲੱਗਾ ਕਿ ਅਣਪਛਾਤੇ ਵਿਅਕਤੀ ਉਸ ਦੇ ਮਕਾਨ ਦਾ ਤਾਲਾ ਤੋੜ ਕੇ ਸੋਨੇ ਦੀਆਂ 2 ਅੰਗੂਠੀਆਂ ਤੇ ਲੈਪਟਾਪ ਚੋਰੀ ਕਰਕੇ ਲੈ ਗਏ ਹਨ। ਉਸ ਨੇ ਜਦੋਂ ਆਪਣੇ ਘਰ ਆ ਕੇ ਚੈੱਕ ਕੀਤਾ ਤਾਂ ਉਸ ਦੇ ਕਮਰੇ ਵਿੱਚ ਪਈ ਅਲਮਾਰੀ ’ਚੋਂ ਉਸ ਦਾ ਸੋਨੇ ਦਾ ਕੜਾ, ਰਿੰਗ, ਕੈਨੇਡੀਅਨ ਡਾਲਰ, ਲੈਪਟਾਪ, ਹਾਰਡ ਡਿਸਕ ਤੇ 10 ਹਜ਼ਾਰ ਰੁਪਏ ਗ਼ਾਇਬ ਸੀ। ਥਾਣੇਦਾਰ ਸਤਵੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਡਿਵੀਜਨ ਨੰਬਰ 8 ਵਿੱਚ ਸਥਿਤ ਦਫ਼ਤਰ ਨਿਗਰਾਨ ਇੰਜਨੀਅਰ ਜਲ ਸਪਲਾਈ ਅਤੇ
ਸੈਨੀਟੇਸ਼ਨ ਹਲਕਾ ਪੁਰਾਣੀ ਕਿਚਹਰੀ ਦੇ ਸੁਪਰਡੈਟ ਨੇ ਦੱਸਿਆ ਹੈ ਕਿ ਦਫ਼ਤਰ ਦਾ ਰਿਕਾਰਡ ਜਿਵੇਂ ਕਿ ਪੇਅ-ਬਿਲਾਂ ਦੀਆ ਫਾਈਲਾਂ, ਅਮਲਾ ਕਲੈਰੀਕਲ ਨਾਲ ਸਬੰਧਤ ਫਾਈਲਾਂ ਅਤੇ ਅਮਲਾ ਗਜਟਿਡ ਨਾਲ ਸਬੰਧਤ ਫਾਈਲਾਂ ਆਦਿ ਦਫ਼ਤਰ ਤੋਂ ਚੋਰੀ ਹੋ ਗਈਆਂ ਹਨ। ਹੌਲਦਾਰ ਅਸ਼ੀਸ਼ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।