ਮਲਬੇ ਹੇਠ ਦਬਣ ਕਾਰਨ ਮਜ਼ਦੂਰ ਦੀ ਮੌਤ
ਭਗਤ ਸਿੰਘ ਨਗਰ ਕਲੋਨੀ ਇਲਾਕੇ ਵਿੱਚ ਦੇਰ ਰਾਤ ਇੱਕ ਉਸਾਰੀ ਉਧੀਨ ਕੂਲਰ ਫੈਕਟਰੀ ਦੀ ਤੀਜੀ ਮੰਜ਼ਿਲ ਦਾ ਲੈਂਟਰ ਡਿੱਗਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਚਾਰ ਮਜ਼ਦੂਰ ਫੱਟੜ ਹੋ ਗਏ। ਇਹ ਹਾਦਸਾ ਉਸ ਵੇਲੇ ਵਪਾਰਿਆ, ਜਦੋਂ ਰਾਤ ਨੂੰ ਲੈਂਟਰ ਪਾਉਣ ਤੋਂ ਬਾਅਦ ਮਜ਼ਦੂਰ ਮਸ਼ੀਨ ਤੇ ਸ਼ਟਰਿੰਗ ਦਾ ਸਾਮਾਨ ਖੋਲ੍ਹ ਰਹੇ ਸਨ। ਇਸ ਦੌਰਾਨ ਲੈਂਟਰ ਦਾ ਸਾਰਾ ਮਲਬਾ ਮਜ਼ਦੂਰਾਂ ਉੱਪਰ ਡਿੱਗ ਗਿਆ। ਮ੍ਰਿਤਕ ਦੀ ਪਛਾਣ ਈਸ਼ਵਰ ਰਾਏ (40) ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਰਮੇਸ਼ ਕੁਮਾਰ, ਆਲੋਕ ਅਤੇ ਮੇਘੂ ਸਣੇ ਅਜੈ ਦਾਸ ਸ਼ਾਮਲ ਹਨ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲੀਸ ਮੌਕੇ ’ਤੇ ਪਹੁੰਚੀ। ਜਾਂਚ ਤੋਂ ਬਾਅਦ ਪੁਲੀਸ ਨੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਜਾਣਕਾਰੀ ਮੁਤਾਬਕ ਭਗਤ ਸਿੰਘ ਨਗਰ ਕਲੋਨੀ ਵਿੱਚ ਸੋਨੀ ਟਰੇਡਰ ਨਾਮ ਦੀ ਦੋ ਮੰਜ਼ਿਲਾਂ ਫੈਕਟਰੀ ਹੈ। ਮੰਗਲਵਾਰ ਨੂੰ ਮਜ਼ਦੂਰ ਤੀਜ਼ੀ ਮੰਜ਼ਿਲ ਦਾ ਲੈਂਟਰ ਪਾ ਰਹੇ ਸਨ। ਲੈਂਟਰ ਪਾਉਣ ਤੋਂ ਬਾਅਦ ਸਾਰੇ ਮਜ਼ਦੂਰਾਂ ਨੇ ਕੰਮ ਖਤਮ ਕਰ ਲਿਆ ਸੀ ਜਿਸ ਤੋਂ ਬਾਅਦ ਗੁਰੂ ਨਗਰ ਕਲੋਨੀ ਵਾਸੀ ਮਜ਼ਦੂਰ ਈਸ਼ਵਰ ਰਾਏ ਲੈਂਟਰ ਪਾਉਣ ਵਾਲੇ ਮਸ਼ੀਨ ਨੂੰ ਖੋਲ੍ਹ ਹਿਹਾ ਸੀ। ਇਸ ਦੌਰਾਨ ਈਸ਼ਵਰ ਰਾਏ ਦੇ ਉਪਰ ਹੀ ਸਾਰਾ ਮਲਬਾ ਡਿੱਗ ਗਿਆ। ਲੋਕਾਂ ਦਾ ਕਹਿਣਾ ਹੈ ਕਿ ਲੈਂਟਰ ਪਾਉਣ ਤੋਂ ਬਾਅਦ ਜਿਵੇਂ ਹੀ ਮਸ਼ੀਨ ਖੋਲ੍ਹ ਰਹੇ ਸਨ ਤਾਂ ਮਸ਼ੀਨ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਟੁੱਟ ਕੇ ਥੱਲੇ ਡਿੱਗ ਗਿਆ ਜਿਸ ਕਾਰਨ ਉਥੇ ਸਾਰਾ ਮਲਬਾ ਵੀ ਉਨ੍ਹਾਂ ਮਜ਼ਦੂਰਾਂ ਦੇ ਉਪਰ ਹੀ ਡਿੱਗ ਗਿਆ। ਲੋਕਾਂ ਨੇ ਮਜ਼ਦੂਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਈਸ਼ਵਰ ਰਾਏ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਦਰ ਦੀ ਐੱਸ ਐੱਚ ਓ ਅਵਨੀਤ ਕੌਰ ਨੇ ਕਿਹਾ ਕਿ ਜਾਂਚ ਜਾਰੀ ਹੈ।
