ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਮੁਜ਼ਾਹਰੇ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜੁਲਾਈ
ਟ੍ਰੇਡ ਯੂਨੀਅਨਾਂ ਵੱਲੋਂ 9 ਜੁਲਾਈ ਲਈ ਦਿੱਤੇ ਦੇਸ਼ ਪੱਧਰੀ ਹੜਤਾਲ ਦੇ ਸੱਦੇ ਤਹਿਤ ਮਜ਼ਦੂਰ ਜਥੇਬੰਦੀਆਂ ਵੱਲੋਂ ਸਮਰਾਲਾ ਚੌਕ ਵਿੱਚ 9 ਜੁਲਾਈ ਦੁਪਿਹਰ 12 ਵਜੇ ਆਪਣੀਆਂ ਮੰਗਾਂ-ਮਸਲਿਆਂ ਲਈ ਰੋਸ ਧਰਨਾ, ਮੁਜ਼ਾਹਰਾ ਅਤੇ ਪੈਦਲ ਮਾਰਚ ਕੀਤਾ ਜਾਵੇਗਾ।
ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਫਾਸੀਵਾਦੀ ਕੇਂਦਰ ਸਰਕਾਰ ਨੇ ਚਾਰ ਨਵੇਂ ਕਿਰਤ ਕੋਡ ਲਿਆ ਕੇ ਮਜ਼ਦੂਰਾਂ ਤੋਂ ਉਨ੍ਹਾਂ ਨੂੰ ਮਿਲ਼ਣ ਵਾਲੇ ਨਿਗੂਣੇ ਹੱਕ ਵੀ ਖੋਹ ਲਏ ਹਨ, ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਦੇਸੀ ਵਿਦੇਸ਼ੀ ਸਰਮਾਏਦਾਰਾ ਪੱਖੀ ਨੀਤੀਆਂ ਕਰਕੇ ਆਮ ਲੋਕਾਂ ਦੀ ਜ਼ਿੰਦਗੀ ਬਦਹਾਲ ਹੋ ਗਈ ਹੈ। ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਲੋਕਾਂ ਦੇ ਰੁਜ਼ਗਾਰ ਖੁੱਸ ਰਹੇ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਸਰਕਾਰੀ ਸਹੂਲਤਾਂ ਦਾ ਖ਼ਾਤਮਾ ਕਰਨ ਦੀ ਮੁਹਿੰਮ ਵਿੱਢੀ ਬੈਠੀ ਹੈ ਅਤੇ ਲੋਕਾਂ ਦੀ ਹੱਕੀ ਅਵਾਜ਼ ਨੂੰ ਦਬਾਉਣ ਲਈ ਧਰਮਾਂ-ਜਾਤਾਂ ਦੀ ਸਿਆਸਤ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਅਨੇਕ ਤਰ੍ਹਾਂ ਦੇ ਲੋਕ ਵਿਰੋਧੀ ਕਾਨੂੰਨ ਪਾਸ ਕਰਕੇ ਹੱਕੀ ਅਵਾਜ਼ ਨੂੰ ਕੁਚਲਿਆ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦੀ ਆਪ ਸਰਕਾਰ ਜੋ ਬਦਲਾਅ ਦਾ ਨਾਅਰਾ ਲਗਾ ਕੇ ਲੋਕਾਂ ਨੂੰ ਭਰਮਾ ਰਹੀ ਹੈ, ਵੀ ਬਾਕੀ ਪਾਰਟੀਆਂ ਨਾਲ਼ੋਂ ਵੱਖਰੀ ਨਹੀਂ ਸਗੋਂ ਸਰਮਾਏਦਾਰਾਂ ਪੱਖੀ ਅਤੇ ਲੋਕ ਵਿਰੋਧੀ ਨੀਤਿਆਂ ਦੀ ਹਿਮਾਇਤੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਅਜੇ ਤੱਕ ਮਜ਼ਦੂਰਾਂ ਦੇ ਹੱਕਾਂ ਲਈ ਇੱਕ ਸ਼ਬਦ ਵੀ ਨਹੀਂ ਬੋਲਿਆ ਸਗੋਂ ਜਾਇਜ਼ ਹੱਕਾਂ ਲਈ ਸੰਘਰਸ਼ ਕਰਨ ਵਾਲ਼ੇ ਲੋਕਾਂ ਖ਼ਿਲਾਫ਼ ਸਖ਼ਤ ਰਵੱਈਆ ਵਰਤ ਰਹੀ ਹੈ। ਇਸ ਲਈ ਲੋਕਾਂ ਨੂੰ ਇਕੱਠੇ ਹੋ ਕੇ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਮਜ਼ਦੂਰਾਂ ਦੀ ਘੱਟੋ-ਘੱਟ ਤਨਖਾਹ ਛੱਬੀ ਹਜ਼ਾਰ ਰੁਪਏ ਕਰਨ, ਚਾਰ ਨਵੇਂ ਕਿਰਤ ਕਨੂੰਨ (ਕੋਡ) ਰੱਦ ਕਰਨ, ਔਰਤਾਂ ਨੂੰ ਮਰਦਾਂ ਬਰਾਬਰ ਕੰਮ ਦੀ ਬਰਾਬਰ ਤਨਖਾਹ, ਜਨਤਕ ਵੰਡ ਪ੍ਰਣਾਲੀ ਦੇ ਪਸਾਰੇ, ਮਹਿੰਗਾਈ ਉੱਤੇ ਕਾਬੂ ਪਾਉਣ, ਦੇਸ਼ੀ-ਵਿਦੇਸ਼ੀ ਕਾਰਪੋਰੇਟਾਂ ਅਤੇ ਹੋਰ ਸਰਮਾਏਦਾਰਾਂ ਪੱਖੀ ਲੋਕ ਵਿਰੋਧੀ ਸੰਸਾਰੀਕਰਨ-ਉਦਾਰੀਕਰਨ-ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਨ ਅਤੇ ਨਿੱਜੀਕਰਨ ਬੰਦ ਕਰਕੇ ਲੋਕਾਂ ਦੀਆਂ ਸਭਨਾਂ ਜ਼ਰੂਰਤਾਂ ਦੀ ਪੂਰਤੀ ਲਈ ਸਰਕਾਰੀ ਅਦਾਰਿਆਂ-ਸਨਅਤਾਂ ਦਾ ਪਸਾਰਾ ਕਰਨ ਦੀ ਮੰਗ ਕੀਤੀ।
ਉਨ੍ਹਾਂ ਦੱਸਿਆ ਕਿ ਸਮਰਾਲਾ ਚੌਕ ਵਿੱਚ ਹੋ ਰਹੇ ਇਸ ਸਾਂਝੇ ਰੋਸ ਮੁਜਾਹਰੇ ਵਿੱਚ ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਇਨਕਲਾਬੀ ਮਜ਼ਦੂਰ ਕੇਂਦਰ, ਪੰਜਾਬ(ਮਾਸਾ), ਕਾਰਖਾਨਾ ਮਜਦੂਰ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਕ੍ਰਾਂਤੀਕਾਰੀ ਮਜਦੂਰ ਸੈਂਟਰ ਲੋਕ ਏਕਤਾ ਸੰਗਠਨ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।