ਵਿਗਿਆਨਕ ਖੇਤੀ ਨਾਲ ਜੁੜਨ ਦਾ ਸੁਨੇਹਾ ਦਿੰਦਾ ਕਿਸਾਨ ਮੇਲਾ ਸਮਾਪਤ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਬੀਤੇ ਦਿਨ ਸ਼ੁਰੂ ਹੋਇਆ ਦੋ ਰੋਜ਼ਾ ਕਿਸਾਨ ਮੇਲਾ ਅੱਜ ਕਿਸਾਨਾਂ ਨੂੰ ਘਰੇਲੂ ਖਰਚੇ ਘਟਾਉਣ, ਵਿਗਿਆਨਕ ਖੇਤੀ ਲਈ ਪੀਏਯੂ ਨਾਲ ਜੁੜਨ, ਸਮੇਂ ਦੀ ਮੰਗ ਅਨੁਸਾਰ ਤਕਨੀਕਾਂ ਅਪਣਾਉਣ ਦਾ ਸੁਨੇਹਾ ਦਿੰਦਾ ਹੋਇਆ ਸਮਾਪਤ ਹੋ ਗਿਆ। ਮੇਲੇ ਦੇ ਅੱਜ ਦੂਜੇ ਦਿਨ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਪ੍ਰਧਾਨਗੀ ਉਪ ਕੁਲਪਤੀ ਡਾ. ਸਤਿਬੀਰ ਸਿੰਘ ਨੇ ਕੀਤੀ। ਇਨ੍ਹਾਂ ਤੋਂ ਇਲਾਵਾ ਹੋਰ ਕਈ ਸਖਸ਼ੀਅਤਾਂ ਅਤੇ ਅਧਿਕਾਰੀ ਵੀ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਮੁੱਖ ਮਹਿਮਾਨ ਸ੍ਰੀ ਕੰਗ ਨੇ ਆਪਣੇ ਭਾਸ਼ਣ ਵਿਚ ਤਿੰਨ ਨੁਕਤਿਆਂ ਉੱਪਰ ਧਿਆਨ ਕੇਂਦਰਿਤ ਕਰਦਿਆਂ ਕਿਸਾਨਾਂ ਨੂੰ ਘਰੇਲੂ ਖਰਚੇ ਘਟਾਉਣ, ਵਿਗਿਆਨਕ ਖੇਤੀ ਲਈ ਪੀ.ਏ.ਯੂ. ਨਾਲ ਜੁੜਨ ਅਤੇ ਨਵੇਂ ਯੁੱਗ ਦੀਆਂ ਲੋੜਾਂ ਮੁਤਾਬਕ ਪ੍ਰੋਸੈਸਿੰਗ ਅਤੇ ਮੁੱਲਵਾਧੇ ਨੂੰ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀ ਵਿਚ ਬਹੁਤ ਸਾਰੀਆਂ ਚੁਣੌਤੀਆਂ ਹੋਣਗੀਆਂ ਪਰ ਖੇਤੀ ਨੂੰ ਘਾਟੇ ਦਾ ਕਿੱਤਾ ਉਹੀ ਲੋਕ ਆਖਦੇ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਕਿਰਤ ਨਾਲੋਂ ਤੋੜ ਲਿਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਖੇਤੀ ਨੂੰ ਆਪਣੇ ਭਵਿੱਖੀ ਕਿੱਤੇ ਵਜੋਂ ਵਿਚਾਰਨ ਦੀ ਸਲਾਹ ਦਿੱਤੀ।
ਉਪ ਕੁਲਪਤੀ ਡਾ. ਗੋਸਲ ਨੇ ਕਿਹਾ ਕਿ ਹੜ੍ਹਾਂ ਦੀ ਤ੍ਰਾਸਦੀ ਭੋਗਣ ਦੇ ਬਾਵਜੂਦ ਪੰਜਾਬੀਆਂ ਦੀ ਚੜਦੀ ਕਲਾ ਅਤੇ ਮੁਸੀਬਤਾਂ ਨਾਲ ਟਕਰਾਉਣ ਦੀ ਆਦਤ ਬਰਕਰਾਰ ਹੈ। ਉਨ੍ਹਾਂ ਨੇ ਆਉਂਦੀ ਹਾੜੀ ਦੀ ਫਸਲ ਲਈ ਪਹਿਲ ਦੇ ਅਧਾਰ ਤੇ ਬੀਜ ਮੁਹੱਈਆ ਕਰਵਾਉਣ ਦਾ ਯੂਨੀਵਰਸਿਟੀ ਦਾ ਪ੍ਰਣ ਦੁਹਰਾਇਆ ਅਤੇ ਕਿਹਾ ਕਿ ਪੀ.ਏ.ਯੂ. ਕਿਸਾਨੀ ਦੀ ਬਿਹਤਰੀ ਲਈ ਹਰ ਖੋਜ ਅਤੇ ਪਸਾਰ ਕਾਰਜ ਨੂੰ ਜਾਰੀ ਰੱਖੇਗਾ। ਡਾ. ਗੋਸਲ ਨੇ ਪੀ.ਏ.ਯੂ. ਦੇ ਲਗਾਤਾਰ ਤੀਸਰੇ ਸਾਲ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਬਣਨ ਪਿੱਛੇ ਕਿਸਾਨਾਂ ਦੀ ਊਰਜਾ ਅਤੇ ਮਿਹਨਤ ਨੂੰ ਜ਼ਿੰਮੇਦਾਰ ਕਿਹਾ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੇਤੀ ਖੋਜ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਵੱਲੋਂ ਹਾੜੀ ਦੀਆਂ ਫਸਲਾਂ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਤਕਨੀਕਾਂ ਅਤੇ ਮਸ਼ੀਨਰੀ ਸੰਬੰਧੀ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਇਸ ਮੌਕੇ ਉਨ੍ਹਾਂ ਨੇ ਜਾਰੀ ਕੀਤੀਆਂ ਨਵੀਆਂ ਕਿਸਮਾਂ ਬਾਰੇ ਵੀ ਖੁੱਲ੍ਹ ਕੇ ਗੱਲਾਂ ਕੀਤੀਆਂ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਾਰਿਆਂ ਦਾ ਸਵਾਗਤ ਕੀਤਾ। ਮੰਚ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਦੋ ਦਿਨ ਲੱਗੇ ਇਸ ਕਿਸਾਨ ਮੇਲੇ ਵਿੱਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ। ਮੇਲੇ ਵਿੱਚ ਫਲਾਂ ਦੀਆਂ ਸੁਧਰੀਆਂ ਕਿਸਮਾਂ ਦੇ ਬੂਟਿਆਂ -ਕਿਨੂੰ, ਡੇਜ਼ੀ, ਨਿੰਬੂ, ਆਉਲਾ, ਬੇਰ, ਮਾਲਟਾ, ਗ੍ਰੇਪਫਰੂਟ, ਅੰਬ, ਡਰੈਕਗਨ ਫਰੂਟ ਆਦਿ ਦੀ ਵਿਕਰੀ ਫਲ ਵਿਗਿਆਨ ਵਿਭਾਗ ਵੱਲੋਂ ਪੁਰਾਣਾ ਬਾਗ ਨੇੜੇ ਕੀਤੀ ਗਈ। ਇੰਨਾਂ ਤੋਂ ਇਲਾਵਾ ਫੁੱਲ ਦੇ ਬੀਜ ਪੈਕਟਾਂ ਦੀ ਵਿਕਰੀ, ਰਵਾਇਤੀ ਰੁੱਖਾਂ ਦੀ ਨਰਸਰੀ ਦੀ ਵਿਕਰੀ, ਜੀਵਾਣੂ ਖਾਦ ਦਾ ਟੀਕਾ, ਕਣਕ, ਜੌਂ, ਛੋਲੇ, ਮਸਰ, ਤੋਰੀਆਂ, ਰਾਇਆ ਸਰ੍ਹੋਂ, ਗੋਭੀ ਸਰ੍ਹੋਂ, ਤਾਰਾਮੀਰਾ, ਅਲਸੀ, ਬਰਸੀਮ, ਜਵੀ ਆਦਿ ਦੇ ਬੀਜ, ਸਬਜੀਆਂ ਦੀ ਕਿੱਟ ਅਤੇ ਪਨੀਰੀ ਬੀਜ ਫਾਰਮ ਵਿਖੇ ਵੇਚੀ ਗਈ। ਸੈਂਕੜੇ ਕਿਸਾਨਾਂ ਨੇ ਖ੍ਰੀਦਦਾਰੀ ਕੀਤੀ।