ਬਾਬਾ ਬੁੱਢਾ ਦੀ ਯਾਦ ’ਚ ਕੀਰਤਨ
ਲੁਧਿਆਣਾ: ਬ੍ਰਹਮ ਗਿਆਨੀ ਬਾਬਾ ਬੁੱਢਾ ਦੀ ਯਾਦ ਵਿੱਚ ਚੱਲ ਰਹੀ ਕੀਰਤਨ ਸਮਾਗਮ ਦੀ ਲੜੀ ਤਹਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵੱਲੋਂ ਕੀਰਤਨ ਸਮਾਗਮ ਕਰਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਤੋਂ ਇਲਾਵਾ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਨਿਰਭੈ ਸਿੰਘ ਨੇ ਗੁਰਬਾਣੀ ਕੀਰਤਨ ਕੀਤਾ। ਉਨ੍ਹਾਂ ਕਥਾ ਵਿਚਾਰ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਬਾਬਾ ਬੁੱਢਾ ਜੀ ਵੱਲੋਂ ਬਖ਼ਸ਼ੇ ਸੇਵਾ ਤੇ ਸਿਮਰਨ ਦੇ ਸੰਕਲਪ ਨੂੰ ਸੰਭਾਲਣ ਦੀ ਮੁੱਖ ਜ਼ਰੂਰਤ ਹੈ ਤਾਂ ਹੀ ਹਰ ਬੱਚਾ ਆਪਣੇ ਅੰਦਰ ਗੁਰਸਿੱਖੀ ਵਾਲਾ ਜ਼ਜਬਾ ਪੈਦਾ ਕਰ ਕੇ ਗੁਰੂ ਵਾਲਾ ਬਣ ਸਕਦਾ ਹੈ। ਸਮਾਗਮ ਦੀ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕੀਰਤਨੀ ਜਥੇ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ, ਮਹਿੰਦਰ ਸਿੰਘ ਡੰਗ, ਅਤੱਰ ਸਿੰਘ ਮੱਕੜ, ਰਜਿੰਦਰ ਸਿੰਘ ਡੰਗ, ਬਲਬੀਰ ਸਿੰਘ ਭਾਟੀਆ, ਰਣਜੀਤ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਭੁਟੀਆਨੀ, ਹਰਪਾਲ ਸਿੰਘ ਖਾਲਸਾ ਅਤੇ ਮਨਮੋਹਨ ਸਿੰਘ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ