ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ
ਇੱਥੋਂ ਨੇੜਲੇ ਪਿੰਡ ਦੁੱਗਰੀ ਵਿੱਚ ਗੁਰਦੁਆਰਾ ਬੋਹੜ ਸਾਹਿਬ ’ਚ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਸਮਾਗਮਾਂ ਨੂੰ ਸਮਰਪਿਤ ਕੀਰਤਨ ਦਰਬਾਰ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ। ਰਾਗੀ ਸਿੰਘਾਂ, ਕਥਾਵਾਚਕਾਂ ਅਤੇ ਕਵੀਸ਼ਰਾਂ ਨੇ ਗੁਰੂ ਇਤਹਾਸ ਨਾਲ ਜੋੜਿਆ ਗਿਆ। ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਉਣ ਮੌਕੇ ਆਖਿਆ ਕਿ ਪਿੰਡ ਦੁੱਗਰੀ ਦੀ ਇਹ ਬਹੁਤ ਹੀ ਪਵਿੱਤਰ ਧਰਤੀ ਹੈ ਜੋ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਗੁਰੂ ਤੇਗ ਬਹਾਦਰ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ ਸ਼ਹਾਦਤ ਨੂੰ ਧਾਰਮਿਕ ਆਜ਼ਾਦੀ, ਨਿਾਂ ਤੇ ਮਨੁੱਖੀ ਅਧਿਕਾਰਾਂ ਲਈ ਦਿੱਤੇ ਗਏ ਸਰਵਉੱਚ ਬਲੀਦਾਨ ਵਜੋਂ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ 50 ਲੱਖ ਰੁਪਏ ਦਿੱਤੇ ਜਾਣਗੇ, ਜਿਸ ਵਿੱਚੋਂ 20 ਲੱਖ ਰੁਪਏ ਦੀ ਰਾਸ਼ੀ ਤਾਂ ਜਾਰੀ ਵੀ ਕਰ ਦਿੱਤੀ ਗਈ ਹੈ। ਇਸ ਮੌਕੇ ਐੱਸ ਡੀ ਐੱਮ ਅਮਰੀਕ ਸਿੰਘ ਸਿੱਧੂ, ਕੌਂਸਲਰ ਭੁਪਿੰਦਰ ਸਿੰਘ ਭੂਰਾ, ਗੁਰਵੀਰ ਸਿੰਘ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਬਚਿੱਤਰ ਸਿੰਘ, ਨਿਰਮਲ ਸਿੰਘ ਅਤੇ ਜਸਪ੍ਰੀਤ ਸਿੰਘ ਹਾਜ਼ਰ ਸਨ।
