ਖੰਨਾ ਦੇ ਵਿਕਾਸ ਕਾਰਜਾਂ ਨੂੰ ਧੱਕਾ, 58 ’ਚੋਂ 31 ਟੈਂਡਰ ਰੱਦ
ਜੋਗਿੰਦਰ ਸਿੰਘ ਓਬਰਾਏ
ਖੰਨਾ, 15 ਮਈ
ਖੰਨਾ ਨਗਰ ਕੌਂਸਲ ਵੱਲੋਂ ਲਾਏ 33 ਵਾਰਡਾਂ ਦੇ 58 ਟੈਂਡਰਾਂ ਵਿੱਚੋਂ ਅੱਜ 31 ਵੱਖ-ਵੱਖ ਕਾਰਨਾਂ ਕਰਕੇ ਰੱਦ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਨੇ ਲਗਪਗ 15 ਕਰੋੜ ਰੁਪਏ ਦੀ ਲਾਗਤ ਨਾਲ 58 ਵਿਕਾਸ ਕਾਰਨਾਂ ਲਈ ਟੈਂਡਰ ਅਲਾਟ ਕੀਤੇ ਸਨ। ਤਕਨੀਕੀ ਬੋਲੀਆਂ ਖੋਲ੍ਹਣ ਸਮੇਂ ਲਗਪਗ 2 ਕਰੋੜ 25 ਲੱਖ 59 ਹਜ਼ਾਰ ਰੁਪਏ ਦੇ ਵਿਕਾਸ ਕਾਰਜਾਂ ਦੇ 58 ਟੈਡਰਾਂ ’ਚੋਂ 16 ਰੱਦ ਕਰ ਦਿੱਤੇ ਗਏ। ਇਸ ਦਾ ਕਾਰਨ ਟੈਂਡਰ ਜਮ੍ਹਾਂ ਕਰਵਾਉਣ ਵਾਲੇ ਠੇਕੇਦਾਰਾਂ ਦੇ ਅਧੂਰੇ ਤਕਨੀਕੀ ਦਸਤਾਵੇਜ਼ ਅਤੇ ਸਿੰਗਲ ਬੋਲੀ ਦੱਸੀ ਗਈ ਹੈ।
ਹੁਣ ਵਿੱਤੀ ਬੋਲੀਆਂ ਖੋਲ੍ਹਣ ਤੋਂ ਬਾਅਦ 15 ਹੋਰ ਕੰਮਾਂ ਦੇ ਟੈਂਡਰ ਵੀ ਰੱਦ ਕਰ ਦਿੱਤੇ ਗਏ ਜਿਸ ਕਾਰਨ ਹੁਣ 58 ਵਿਚੋਂ ਬਾਕੀ ਰਹਿੰਦੇ 27 ਟੈਂਡਰਾਂ ਲਈ ਵਰਕ ਆਰਡਰ ਜਲਦ ਹੀ ਜਾਰੀ ਕੀਤੇ ਜਾਣਗੇ ਜਿਸ ਉਪਰੰਤ ਵਿਕਾਸ ਕਾਰਜ ਆਰੰਭ ਹੋਣਗੇ। ਇਸ ਵਾਰ ਟੈਂਡਰ ਭਰਨ ਸਮੇਂ ਠੇਕੇਦਾਰਾਂ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਪਤਾ ਲੱਗਾ ਹੈ ਕਿ ਇਸ ਵਾਰ ਕਾਫੀ ਘੱਟ ਪ੍ਰਤੀਸ਼ਤ ’ਤੇ ਠੇਕੇ ਖੁੱਲ੍ਹੇ ਹਨ। ਖੰਨਾ ਸ਼ਹਿਰ ਦੇ ਇਤਿਹਾਸ ਵਿਚ ਇਹ ਸ਼ਾਇਕ ਪਹਿਲੀ ਵਾਰ ਹੈ ਜਦੋਂ ਠੇਕੇਦਾਰਾਂ ਨੇ ਇੰਨੇ ਘੱਟ ਰੇਟ ’ਤੇ ਕੰਮ ਫੜਿਆ ਹੈ। ਇਸ ਲਈ ਵਰਕ ਆਰਡਰ ਉਪਰੰਤ ਕੰਮ ਦੀ ਕੁਆਲਿਟੀ ਸਬੰਧੀ ਪਤਾ ਲੱਗ ਸਕੇਗਾ।
ਦਰੁਸਤ ਦਸਤਾਵੇਜ਼ਾਂ ਵਾਲੇ ਟੈਂਡਰ ਹੋਏ ਪਾਸ: ਕਾਰਜਸਾਧਕ ਅਧਿਕਾਰੀ
ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਠੇਕੇਦਾਰਾਂ ਦੇ ਦਸਤਾਵੇਜ਼ ਠੀਕ ਸਨ ਉਨ੍ਹਾਂ ਦੇ ਟੈਂਡਰ ਖੋਲ੍ਹੇ ਦਿੱਤੇ ਗਏ ਹਨ। ਨਗਰ ਕੌਂਸਲ ਵੱਲੋਂ ਰੱਦ ਕੀਤੇ 15 ਕੰਮਾਂ ਵਿੱਚ ਵਾਰਡ ਨੰਬਰ-1 ਵਿਚ ਧਰਮਸ਼ਾਲਾ ਘਾਟ ਵਾਲੀ ਗਲੀ ਵਿਚ 37.60 ਲੱਖ, ਵਾਰਡ-9 ਵਿਚ ਫੋਰਮੈਨ ਹਾਊਲੀ ਗਲੀ 16.60 ਲੱਖ, ਵਾਰਡ-10 ਵਿਚ ਮੁਨੀਮ ਚੱਕੀ ਤੋਂ ਗਲੀ 29.89 ਲੱਖ, ਵਾਰਡ-10 ਵਿਚ ਮਹਿਰਾ ਸਟਰੀਟ 10.33 ਲੱਖ, ਵਾਰਡ-11 ਵਿਚ 5.76 ਲੱਖ ਨਾਲ ਵਾਲਮੀਕਿ ਧਰਮਸ਼ਾਲਾ ਦਾ ਕੰਮ, ਵਾਰਡ-12 ਵਿਚ 10 ਲੱਖ ਨਾਲ ਰਵਿਦਾਸ ਧਰਮਸ਼ਾਲਾ ਦਾ ਕੰਮ, ਵਾਰਡ-13 ਵਿਚ 10.60 ਲੱਖ ਨਾਲ ਤਰਸੇਮ ਸਟਰੀਟ ਦਾ ਕੰਮ, ਵਾਰਡ-13 ਵਿਚ 21.57 ਲੱਖ ਨਾਲ ਧੀਮਾਨ ਟਾਇਰ ਸਟਰੀਟ ਦਾ ਕੰਮ, ਵਾਰਡ-14 ਵਿਚ ਰਾਜੂ ਵਾਲੀ ਗਲੀ 40 ਲੱਖ, ਵਾਰਡ-17 ਵਿਚ ਗਲੀ 46.88 ਲੱਖ, ਵਾਰਡ-15 ਵਿਚ ਮੇਨ ਰੋਡ ਗਲੀ 44.88 ਲੱਖ, ਵਾਰਡ-24 ਵਿਚ 4.8 ਲੱਖ ਨਾਲ ਗਲੀ, ਵਾਰਡ-27 ਵਿਚ 31.35 ਲੱਖ ਨਾਲ ਗਲੀ, ਖੇਡ ਮੈਦਾਨ ਤੱਕ ਗਲੀ 34.25 ਲੱਖ, ਵਾਰਡ-32 ਵਿਚ ਔਜਲਾ ਡੇਅਰੀ ਗਲੀ 19.16 ਲੱਖ ਦੀ ਲਾਗਤ ਨਾਲ ਕੰਮ ਸ਼ਾਮਲ ਹਨ।