ਪੰਜਾਬੀਆਂ ਨੂੰ ਮੰਗਤੇ ਸਮਝਣ ਦੀ ਬੱਜਰ ਗਲਤੀ ਨਾ ਕਰਨ ਕੇਜਰੀਵਾਲ: ਬੈਂਸ
ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਘਰ-ਘਰ ਜਾ ਕੇ ਪੰਜਾਬ ਲਈ ਰਾਸ਼ਨ ਇਕੱਠਾ ਕਰਨ ਦੇ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਸਲਾਹ ਦਿੱਤੀ ਹੈ ਕਿ ਉਹ ਪੰਜਾਬੀਆਂ ਨੂੰ ਮੰਗਤੇ ਸਮਝਣ ਦੀ ਬੱਜਰ ਗਲਤੀ ਨਾ ਕਰਨ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਅਤੇ ਸੂਬਾ ਸਰਕਾਰ ਪੰਜਾਬੀਆਂ ਦੀ ਮਦਦ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਸ੍ਰੀ ਬੈਂਸ ਨੇ ਕਿਹਾ ਕਿ ਅੱਜ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬੀਆਂ ਦੀ ਮਦਦ ਕਰਨ ਦੀ ਬਜਾਏ ਦਿੱਤਾ ਇਹ ਬਿਆਨ ਬੜਾ ਹੀ ਮੰਦਭਾਗਾ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਵਾਸਤੇ ‘ਆਪ’ ਵਰਕਰਾਂ ਵੱਲੋਂ ਦਿੱਲੀ ਵਿੱਚ ਘਰ-ਘਰ ਜਾ ਕੇ ਰਾਸ਼ਨ ਇਕੱਠਾ ਕੀਤਾ ਜਾਵੇਗਾ। ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਤਾ ਇਹ ਬਿਆਨ ‘ਆਪ’ ਸਰਕਾਰ ਦੀ ਨੀਅਤ ਵਿੱਚ ਖੋਟ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਦੋਂ ਵੀ ਦੇਸ਼ ਉਤੇ ਕੋਈ ਮੁਸੀਬਤ ਆਈ ਤਾਂ ਪਹਿਲ ਦੇ ਆਧਾਰ ’ਤੇ ਦੇਸ਼ ਵਾਸੀਆਂ ਦੀ ਮਦਦ ਕੀਤੀ ਪਰ ਅੱਜ ਜਦੋਂ ਪੰਜਾਬ ਦੇ ਕਿਸਾਨ ਅਤੇ ਲੋਕ ਹੜ੍ਹਾਂ ਦੀ ਮਾਰ ਥੱਲੇ ਆਏ ਹਨ ਤਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮਦਦ ਤਾਂ ਕਿ ਕਰਨੀ ਹੈ ਅਜਿਹੇ ਬੇਤੁਕੇ ਬਿਆਨ ਦੇ ਕੇ ਪੰਜਾਬੀਆਂ ਦਾ ਮਖੌਲ ਉਡਾਇਆ ਹੈ ਜੋ ਕਦੇ ਵੀ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ ਅਤੇ ਇਸਦਾ ਜਵਾਬ 2027 ਵਿੱਚ ਆਮ ਆਦਮੀ ਪਾਰਟੀ ਨੂੰ ਦੇਣਗੇ।