ਕਾਰ ਤੇ ਮੌਟਰਸਾਈਕਲ ਦੀ ਟੱਕਰ ਵਿੱਚ ਕਸ਼ਮੀਰੀ ਵਿਦਿਆਰਥੀ ਦੀ ਮੌਤ
ਇਥੇ ਹੰਬੜਾ ਰੋਡ ’ਤੇ ਮੋਰਟਸਾਈਕਲ ਤੇ ਕਾਰ ਦੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਤਿੰਨ ਵਿਦਿਆਰਥੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ, ਜਦਕਿ ਦੂਜੇ ਦੋ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਮੁਦਰਿਸ ਅਹਿਮਦ ਵਜੋਂ ਹੋਈ ਹੈ ਜੋ ਸ਼੍ਰੀਨਗਰ ਨੇੜਲੇ ਬਾਰਾਮੂਲਾ ਦਾ ਰਹਿਣ ਵਾਲਾ ਸੀ। ਦੋਵੇਂ ਜ਼ਖ਼ਮੀ ਵਿਦਿਆਰਥੀਆਂ ਦੀ ਪਛਾਣ ਬਾਂਦੀਪੂਰਾ ਦੇ ਜ਼ਾਹਿਦ ਅਹਿਮਦ ਅਤੇ ਸੋਪੋਰ ਦੇ ਮੋਮਿਨ ਅਹਿਮਦ ਵਜੋਂ ਹੋਈ ਹੈ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੀਏਯੂ ਥਾਣੇ ਦੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਜ਼ਖ਼ਮੀਆਂ ਨੂੰ ਡੀਐੱਮਸੀ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਇੱਕ ਵਿਦਿਆਰਥੀ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਬਾਕੀ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੁਦਰਿਸ ਅਹਿਮਦ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਹ ਲਾਸ਼ ਨੂੰ ਬਿਨਾਂ ਪੋਸਟਮਾਰਟਮ ਦੇ ਵਾਪਸ ਲੈ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਦਰਿਸ ਮੁਹੰਮਦ ਅਤੇ ਉਸ ਦੇ ਦੋ ਦੋਸਤ ਸਰਸਵਤੀ ਕਾਲਜ ਵਿੱਚ ਬੀਐਸਸੀ ਨਰਸਿੰਗ ਚੌਥੇ ਸਾਲ ਦੇ ਵਿਦਿਆਰਥੀ ਹਨ। ਪੀਏਯੂ ਥਾਣੇ ਦੇ ਐੱਸਐੱਚਓ ਹਰਸ਼ਵੀਰ ਸਿੰਘ ਨੇ ਦੱਸਿਆ ਕਿ ਮੁਦਰਿਸ ਮੁਹੰਮਦ ਦੇ ਪਰਿਵਾਰਕ ਮੈਂਬਰ ਆਏ ਸਨ ਤੇ ਕੋਈ ਕਾਰਵਾਈ ਨਾ ਕਰਨ ਦੀ ਮੰਗ ਕੀਤੀ ਸੀ ਅਤੇ ਸੀਨੀਅਰ ਅਧਿਕਾਰੀਆਂ ਨੂੰ ਅਰਜ਼ੀ ਦਿੱਤੀ ਸੀ। ਜਿਸ ਤੋਂ ਬਾਅਦ ਉਹ ਬਿਨਾਂ ਪੋਸਟਮਾਰਟਮ ਕੀਤੇ ਅਤੇ ਬਿਨਾਂ ਕੋਈ ਕਾਰਵਾਈ ਕੀਤੇ ਲਾਸ਼ ਲੈ ਕੇ ਚਲੇ ਗਏ।