ਕਰੀਮਪੁਰੀ ਵੱਲੋਂ ਸਸਰਾਲੀ ਕਲੋਨੀ ਧੁੱਸੀ ਬੰਨ੍ਹ ਦਾ ਦੌਰਾ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਇਥੇ ਪਿੰਡ ਸਸਰਾਲੀ ਕਲੋਨੀ ’ਚ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਭਰ ’ਚ ਹੜ੍ਹਾਂ ਦੀ ਮੌਜੂਦਾ ਸਥਿਤੀ ਲਈ ਮੌਜੂਦਾ ਸੂਬਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਨਾਲ ਸਾਹਨੇਵਾਲ ਦੇ ਇੰਚਾਰਜ ਜਗਤਾਰ ਸਿੰਘ ਭਾਮੀਆਂ ਵੀ ਹਾਜ਼ਰ ਸਨ। ਉਨ੍ਹਾਂ ਇਲਾਕਾ ਨਿਵਾਸੀਆਂ ਅਤੇ ਫ਼ੌਜ ਵੱਲੋਂ ਸਤਲੁਜ ਦੇ ਪਹਿਲੇ ਬੰਨ੍ਹ ਨੂੰ ਬਚਾਉਣ ਅਤੇ ਉਸ ਦੇ ਟੁੱਟਣ ਤੋਂ ਬਾਅਦ ਨਵਾਂ ਰਿੰਗ ਬੰਨ੍ਹ ਬਣਾਉਣ ’ਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਲੋਕ ਖ਼ੁਦ ਹਿੰਮਤ ਨਾ ਕਰਦੇ ਤਾਂ ਅੱਜ ਪੂਰਾ ਇਲਾਕਾ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆ ਕੇ ਤਬਾਹ ਹੋ ਜਾਣਾ ਸੀ।
ਡਾ. ਕਰੀਮਪੁਰੀ ਨੇ ਕਿਹਾ ਕਿ ਰੇਤ ਮਾਫ਼ੀਆਂ ਨੇ ਪ੍ਰਸ਼ਾਸਨ ਦੀ ਸ਼ਹਿ ’ਤੇ ਰੱਜ ਕੇ ਲੁੱਟ ਕੀਤੀ ਹੈ ਅਤੇ ਵਿਰੋਧ ਕਰਨ ਵਾਲਿਆਂ ਨੂੰ ਪਹਿਲਾਂ ਡਰਾਇਆ ਧਮਕਾਇਆ ਗਿਆ ਅਤੇ ਜਿਹੜੇ ਫਿਰ ਵੀ ਨਾ ਹਟੇ ਤਾਂ ਉਨ੍ਹਾਂ ਉੱਤੇ ਝੂਠੇ ਪਰਚੇ ਤੱਕ ਦਰਜ ਕਰਵਾਏ ਗਏ। ਉਨ੍ਹਾਂ ਕਿਹਾ ਕਿ ਬੰਨ੍ਹ ਉੱਤੇ ਹੀ ਰੇਤ ਮਾਫ਼ੀਆ, ਸਰਕਾਰ ਅਤੇ ਪ੍ਰਸ਼ਾਸਨ ਦਾ ਲੋਟੂ ਗਠਜੋੜ ਬੇਨਕਾਬ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਪ੍ਰਤੀ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਰਵੱਈਆ ਇੱਕੋ ਜਿਹਾ ਹੈ ਤੇ ਦੋਵੇਂ ਸਰਕਾਰਾਂ ਦੇ ਪ੍ਰਤੀਨਿਧ ਲੋਕਾਂ ਦੀ ਮਦਦ ਕਰਨ ਦੀ ਥਾਂ ਸਿਰਫ਼ ਸਿਆਸਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਨੇ ਆਪਣੇ ਵਰਕਰਾਂ ਤੋਂ ਇਕੱਠੀ ਕੀਤੀ ਮਾਇਆ ਅਤੇ ਸਮੱਗਰੀ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਭੇਜੀ ਹੈ ਅਤੇ ਜ਼ਰੂਰਤ ਪਈ ਤਾਂ ਅੱਗੇ ਵੀ ਭੇਜਾਂਗੇ। ਇਸ ਮੌਕੇ ਹਰਭਜਨ ਸਿੰਘ ਬਜਰਹੇੜੀ, ਬਲਜੀਤ ਸਿੰਘ ਸਲਾਣਾ, ਬਲਵਿੰਦਰ ਬਿੱਟਾ, ਪ੍ਰਗਣ ਬਿਲਗਾ, ਜੀਤ ਰਾਮ ਬਸਰਾ, ਹਰਭਜਨ ਸਿੰਘ ਦੁਲਮਾ, ਹਰਜਿੰਦਰ ਸੁਜਾਤਵਾਲ, ਰਾਮ ਲੋਕ ਸਿੰਘ ਕੁਲੀਏਵਾਲ ਅਤੇ ਨਰੇਸ਼ ਬਸਰਾ ਵੀ ਹਾਜ਼ਰ ਸਨ।