ਕੈਲਾਸ਼ ਮਾਰਕੀਟ ਦੇ ਮਾਲਕ ਵੱਲੋਂ ਪਾਵਰਕੌਮ ’ਤੇ ਖੁਆਰੀ ਦਾ ਦੋਸ਼
ਇਥੇ ਨਵੀਂ ਦਾਣਾ ਮੰਡੀ ਨੇੜੇ ਸਥਿਤ ਕੈਲਾਸ਼ ਮਾਰਕੀਟ ਦੇ ਮਾਲਕ ਵਰਿੰਦਰ ਮਲਹੋਤਰਾ ਨੇ ਪਾਵਰਕੌਮ ’ਤੇ ਟਰਾਂਸਫਾਰਮਰ ਲਾਉਣ ਲਈ ਖੁਆਰ ਕਰਨ ਦਾ ਦੋਸ਼ ਲਾਇਆ ਹੈ। ਇਸ ਲਈ ਜਾਣਬੁੱਝ ਕੇ ਮਾਰਕੀਟ ਦੇ ਪਿਛਲੇ ਪਾਸੇ ਸਥਿਤ ਅਮਰ ਵਿਹਾਰ ਕਲੋਨੀ ਦੇ ਵਸਨੀਕਾਂ ਨੂੰ ਭੜਕਾਉਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਦੱਸਿਆ ਕਿ ਉਹ ਦੋ ਹਫ਼ਤੇ ਪਹਿਲਾਂ ਹੀ ਪਾਵਰਕੌਮ ਦੇ ਐਕਸੀਅਨ ਨੂੰ ਇਕ ਪੱਤਰ ਸੌਂਪ ਕੇ ਸਾਫ਼ ਕਰ ਚੁੱਕੇ ਹਨ ਕਿ ਉਨ੍ਹਾਂ ਦਾ ਗਲੀ ਵਿੱਚ ਬਿਜਲੀ ਟਰਾਂਸਫਾਰਮਰ ਲਾਉਣ ਜਾਂ ਬਿਜਲੀ ਦੀਆਂ ਤਾਰਾਂ ਪਾਉਣ ਦੀ ਕੋਈ ਯੋਜਨਾ ਨਹੀਂ। ਮਾਰਕੀਟ ਦੇ ਪਿਛਲੇ ਪਾਸੇ ਸਿਰਫ਼ ਹੰਗਾਮੀ ਹਾਲਤ ਲਈ ਇਕ ਰਸਤਾ ਰੱਖਿਆ ਗਿਆ ਹੈ। ਵਰਿੰਦਰ ਮਲਹੋਤਰਾ ਨੇ ਦੋਸ਼ ਲਾਇਆ ਕਿ ਪਾਵਰਕੌਮ ਦੇ ਹੀ ਅਧਿਕਾਰੀ ਨੇ ਅਮਰ ਵਿਹਾਰ ਕਲੋਨੀ ਦੀ ਮਾਰਕੀਟ ਪਿਛਲੀ ਗਲੀ ਵਿੱਚ ਰਹਿੰਦੇ ਵਸਨੀਕਾਂ ਨੂੰ ਗੁੰਮਰਾਹ ਕਰਕੇ ਭੜਕਾਇਆ ਹੈ। ਉਹ ਪਹਿਲਾਂ ਹੀ ਇਨ੍ਹਾਂ ਵਸਨੀਕਾਂ ਨਾਲ ਗਲੀ ਵਿੱਚ ਟਰਾਂਸਫਾਰਮਰ ਨਾ ਲਾਉਣ ਦਾ ਲਿਖਤ ਸਮਝੌਤਾ ਕਰ ਚੁੱਕੇ ਹਨ, ਫੇਰ ਉਹ ਇਸ ਦਾ ਉਲੰਘਣ ਕਿਉਂ ਕਰਨਗੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਿਛਲੇ ਕਰੀਬ ਪੰਜ ਛੇ ਮਹੀਨੇ ਤੋਂ ਵੱਖ-ਵੱਖ ਤਰੀਕੇ ਨਾਲ ਪ੍ਰਸ਼ਾਸਨ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਦਬਾਅ ਪਾ ਰਿਹਾ ਹੈ। ਇਸੇ ਤਹਿਤ ਕੁਝ ਲੋਕਾਂ ਤੋਂ ਵੱਖ-ਵੱਖ ਥਾਵਾਂ ’ਤੇ ਝੂਠੀਆਂ ਸ਼ਿਕਾਇਤਾਂ ਕਰਵਾਈਆਂ ਗਈਆਂ ਹਨ। ਉਨ੍ਹਾਂ ਉਪ ਮੰਡਲ ਮੈਜਿਸਟਰੇਟ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਕੋਈ ਕੰਮ ਗਲਤ ਤਰੀਕੇ ਨਹੀਂ ਹੋਣ ਦਿੱਤਾ ਜਾਵੇਗਾ: ਐਕਸੀਅਨ
Advertisementਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਟਰਾਂਸਫਾਰਮਰ ਕਾਗਜ਼ੀ ਪ੍ਰਕਿਰਿਆ ਹੋਣ ਮਗਰੋਂ ਨਿਯਮਾਂ ਮੁਤਾਬਕ ਹੀ ਲੱਗੇਗਾ ਅਤੇ ਕੁਝ ਵੀ ਗਲਤ ਤਰੀਕੇ ਨਾਲ ਨਹੀਂ ਹੋਣ ਦਿੱਤਾ ਜਾਵੇਗਾ।
