ਮਿੱਲ ’ਚੋਂ ਕੀਮਤੀ ਸਾਮਾਨ ਵੀ ਚੋਰੀ ਕਰਕੇ ਲੈ ਗਏ ਕਬਾੜੀਏ
ਸਥਾਨਕ ਕੁਹਾੜਾ ਰੋਡ ’ਤੇ ਸਥਿਤ ਇੱਕ ਵੱਡੀ ਉਦਯੋਗਿਕ ਇਕਾਈ ਧਾਗਾ ਮਿੱਲ ਵੱਲੋਂ 25 ਲੱਖ ਰੁਪਏ ਦਾ ਸਾਮਾਨ ਚੋਰੀ ਹੋਣ ਬਾਰੇ ਮਾਛੀਵਾੜਾ ਥਾਣਾ ਵਿੱਚ ਕੇਸ ਦਰਜ ਕਰਵਾਇਆ ਹੈ। ਇਸ ਮਾਮਲੇ ’ਚ ਪੁਲੀਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਹਾਲੇ ਮੁਲਜ਼ਮਾਂ ਦੀ ਪਛਾਣ ਨਸ਼ਰ ਨਹੀਂ ਕੀਤੀ ਜਾ ਰਹੀ। ਧਾਗਾ ਮਿੱਲ ਦੇ ਮੈਨੇਜਰ ਜੈ ਸਰੂਪ ਸ਼ਰਮਾ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦੀ ਉਦਯੋਗਿਕ ਇਕਾਈ ਵਿੱਚੋਂ ਇੱਕ ਕਬਾੜੀਆ ਆਪਣੀਆਂ ਗੱਡੀਆਂ ਰਾਹੀਂ ਸਾਮਾਨ ਲੋਡ ਕਰਕੇ ਲੈ ਗਿਆ। ਕੁਝ ਸਮੇਂ ਬਾਅਦ ਜਦੋਂ ਸਕਿਊਰਿਟੀ ਸਟਾਫ਼ ਨੇ ਚੈੱਕ ਕੀਤਾ ਤਾਂ ਉਨ੍ਹਾਂ ਦੇਖਿਆ ਕਿ 109 ਯੂ ਪੀ ਐੱਸ ਬੈਟਰੀਆਂ, ਬੈਰਿੰਗ, ਡਰਾਈਜ਼, ਮੋਟਰਾਂ ਅਤੇ ਹੋਰ ਕਾਫ਼ੀ ਸਾਮਾਨ ਵੀ ਗਾਇਬ ਸੀ। ਜਦੋਂ ਮਿੱਲ ਦੇ ਸਕਿਉਰਿਟੀ ਕਰਮਚਾਰੀਆਂ ਨੇ ਆਪਣੇ ਤੌਰ ’ਤੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮਿੱਲ ’ਚੋਂ ਸਾਮਾਨ ਚੋਰੀ ਦੀ ਖੇਡ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ, ਜਿਸ ਵਿੱਚ ਮਿੱਲ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਹੈ। ਮੈਨੇਜਰ ਜੈ ਸਰੂਪ ਸ਼ਰਮਾ ਅਨੁਸਾਰ ਉਨ੍ਹਾਂ ਦੀ ਮਿੱਲ ’ਚੋਂ ਕਰੀਬ 25 ਲੱਖ ਰੁਪਏ ਦਾ ਸਾਮਾਨ ਚੋਰੀ ਹੋ ਗਿਆ ਹੈ।
ਮੈਨੇਜਰ ਜੈ ਸਰੂਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਕਰੈਪ ਦਾ ਵਪਾਰੀ ਮਿੱਲ ਦੇ ਅੰਦਰ ਹੀ ਪਿਆ ਕੀਮਤੀ ਸਾਮਾਨ ਗੱਡੀਆਂ ’ਚ ਛੁਪਾ ਕੇ ਲੈ ਜਾਂਦਾ ਸੀ। ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਦੀ ਧਾਗਾ ਮਿੱਲ ’ਚੋਂ ਜੋ 25 ਲੱਖ ਰੁਪਏ ਦਾ ਸਾਮਾਨ ਚੋਰੀ ਹੋਇਆ ਹੈ ਉਸ ਸਬੰਧੀ ਮਾਛੀਵਾੜਾ ਪੁਲੀਸ ਵੱਲੋਂ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਧਾਗਾ ਮਿੱਲ ਦੇ ਮੈਨੇਜਰ ਵੱਲੋਂ ਦਿੱਤੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ ਅਤੇ ਜਲਦ ਹੀ ਚੋਰ ਕਾਬੂ ਕਰ ਲਏ ਜਾਣਗੇ।
