ਪੱਤਰਕਾਰਾਂ ਵੱਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ
ਜ਼ਿਲ੍ਹੇ ਨਾਲ ਸਬੰਧਤ ਪੱਤਰਕਾਰਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੇ ਜੱਦੀ ਘਰ ਤੋਂ ਸਮਾਰਕ ਤੱਕ ਮੂੰਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ। ਪੁਲੀਸ ਤੇ ਸਿਵਲ ਪ੍ਰਸ਼ਾਸਨ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਦੌਰਾਨ ਪੱਤਰਕਾਰਾਂ ਦਾ ਇਹ ਪ੍ਰਦਰਸ਼ਨ ਰੋਕਣ ਲਈ ਪੱਬਾਂ ਭਾਰ ਸੀ। ਹਾਲਾਂਕਿ, ਦੋ ਦਿਨ ਦੌਰਾਨ ਡੀ ਐੱਸ ਪੀ ਤੇ ਏ ਡੀ ਸੀ ਨਾਲ ਮੀਟਿੰਗਾਂ ਬੇਸਿੱਟਾ ਰਹਿਣ ਮਗਰੋਂ ਪੱਤਰਕਾਰਾਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਸਰਾਭਾ ਦੇ ਜੱਦੀ ਘਰ ਤੋਂ ਮੂੰਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰੈੱਸ ਦੀ ਆਜ਼ਾਦੀ ਉੱਪਰ ਵਧ ਰਹੇ ਹਮਲਿਆਂ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਪੱਤਰਕਾਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਫੌਰੀ ਮੰਨਣ ਦੀ ਮੰਗ ਕੀਤੀ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਅਗਵਾਈ ਹੇਠ ਪਿੰਡ ਸਰਾਭਾ ਦੇ ਮੁੱਖ ਚੌਕ ਵਿੱਚ ਸ਼ਹੀਦ ਦੇ ਬੁੱਤ ਤੱਕ ਰੋਸ ਮਾਰਚ ਮਗਰੋਂ ਆਗੂਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਸਕੱਤਰ ਸੰਤੋਖ ਗਿੱਲ ਨੇ ਦੋਸ਼ ਲਾਇਆ ਕਿ ਜਿਸ ਮੀਡੀਆ ਦੇ ਸਹਾਰੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ’ਤੇ ਕਾਬਜ਼ ਹੋਈ ਸੀ, ਅੱਜ ਉਸੇ ਮੀਡੀਆ ਪ੍ਰਤੀ ਬੇਹੱਦ ਮਾੜਾ ਰਵੱਈਆ ਅਖ਼ਤਿਆਰ ਕਰ ਲਿਆ ਹੈ। ਪਿਛਲੇ ਕਰੀਬ ਪੌਣੇ ਚਾਰ ਸਾਲਾਂ ਤੋਂ ਸੂਬਾ ਸਰਕਾਰ ਨੇ ਪਿਛਲੀਆਂ ਸਰਕਾਰਾਂ ਵਲੋਂ ਦਿੱਤੀਆਂ ਨਿਗੂਣੀਆਂ ਸਹੂਲਤਾਂ ਨੂੰ ਵੀ ਖੋਰਾ ਲਾ ਦਿੱਤਾ ਹੈ। ਉਨ੍ਹਾਂ ਪੰਜਾਬ ਦੇ ਸਾਰੇ ਪੱਤਰਕਾਰਾਂ ਅਤੇ ਡੈਸਕ ਸਟਾਫ਼ ਲਈ ਪੈਨਸ਼ਨ, ਹਰਿਆਣਾ ਪੈਟਰਨ ’ਤੇ ਮੁਫ਼ਤ ਬੱਸ ਸਫ਼ਰ, ਰਿਹਾਇਸ਼ੀ ਮਕਾਨਾਂ ਜਾਂ ਫਲੈਟਾਂ ਲਈ ਰਿਆਇਤੀ ਦਰਾਂ ’ਤੇ ਜ਼ਮੀਨਾਂ ਅਲਾਟ ਕਰਨ ਤੋਂ ਇਲਾਵਾ ਸਰਬੱਤ ਬੀਮਾ ਯੋਜਨਾ ਸਾਰੇ ਪੱਤਰਕਾਰਾਂ ’ਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਲਾਗੂ ਕਰਨ ਅਤੇ ਚੰਡੀਗੜ੍ਹ ਸਥਿਤ ਪੱਤਰਕਾਰਾਂ ਲਈ ਮਕਾਨ ਦਾ ਕੋਟਾ ਵਧਾ ਕੇ 50 ਕਰਨ, ਜ਼ਿਲ੍ਹਿਆਂ ਵਿੱਚ ਪੱਤਰਕਾਰਾਂ ਨੂੰ ਸਰਕਾਰੀ ਰਿਹਾਇਸ਼ ਦੇਣ ਸਮੇਤ ਹੋਰ ਮੰਗਾਂ ਫ਼ੌਰੀ ਪੂਰੀਆਂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਰਨਾਲਾ ਵਿੱਚ 29 ਨਵੰਬਰ ਨੂੰ ਹੋਣ ਵਾਲੀ ਸੂਬਾਈ ਕਾਨਫ਼ਰੰਸ ਮੌਕੇ ਅਗਲੇ ਸੰਘਰਸ਼ ਦੀ ਵਿਉਂਤਬੰਦੀ ਕੀਤੀ ਜਾਵੇਗੀ। ਇਸ ਮੌਕੇ ਨਿਰਮਲ ਸਿੰਘ ਧਾਲੀਵਾਲ, ਗਗਨ ਅਰੋੜਾ, ਕੰਵਰਪਾਲ ਆਹਲੂਵਾਲੀਆ, ਰਾਜ ਜੋਸ਼ੀ, ਮਨਦੀਪ ਸਿੰਘ, ਦਲਜੀਤ ਕੁਮਾਰ ਗੋਰਾ, ਬਲਵਿੰਦਰ ਸਿੰਘ ਲਿੱਤਰ, ਦਲਵਿੰਦਰ ਸਿੰਘ ਰਛੀਨ, ਕੁਲਦੀਪ ਲੋਹਟ, ਕਿਰਪਾਲ ਹੰਬੜਾ, ਦਵਿੰਦਰ ਮੁੱਲਾਂਪੁਰ, ਰਾਹੁਲ ਸ਼ਰਮਾ, ਬਿੱਟੂ ਸਵੱਦੀ, ਲਾਡੀ ਸੁਧਾਰ ਆਦਿ ਸ਼ਾਮਲ ਸਨ।
